ਜਥੇਦਾਰ ਜਗਤਾਰ ਸਿੰਘ ਹਵਾਰਾ ਇੱਕ ਹੋਰ ਕੇਸ ਚੋਂ ਬਰੀ, ਮੁਹਾਲੀ ਅਦਾਲਤ ਨੇ ਕੀਤਾ ਪਰਚਾ ਰੱਦ

ਕੌਮੀ ਇਨਸਾਫ਼ ਮੋਰਚਾ ਲੱਗਣ ਤੋਂ ਬਾਅਦ ਹੁਣ ਤੱਕ ਜਥੇਦਾਰ ਹਵਾਰਾ ਤਿੰਨ ਕੇਸਾਂ ’ਚੋਂ ਹੋਏ ਬਰੀ

ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਿੱਖ ਕੈਦੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਵੱਡੀ ਰਾਹਤ ਦਿੰਦਿਆਂ ਸੋਹਾਣਾ ਥਾਣੇ ਵਿੱਚ ਦਰਜ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਦੋਸ਼ ਮੁਕਤ ਕਰ ਦਿੱਤਾ ਹੈ। ਕੌਮੀ ਇਨਸਾਫ਼ ਮੋਰਚੇ ਵੱਲੋਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਤੋਂ ਬਾਅਦ ਹੁਣ ਤੱਕ ਜਥੇਦਾਰ ਹਵਾਰਾ ਤਿੰਨ ਕੇਸਾਂ ’ਚੋਂ ਬਰੀ ਹੋ ਚੁੱਕੇ ਹਨ ਅਤੇ ਕਈ ਸਿੱਖ ਕੈਦੀਆਂ ਨੂੰ ਪੈਰੋਲ ਮਿਲ ਚੁੱਕੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਕੇਸਾਂ ਦੀ ਪੈਰਵਾਈ ਕਰ ਰਹੇ ਵਕੀਲ ਅਮਰ ਸਿੰਘ ਚਾਹਲ, ਜਸਪਾਲ ਸਿੰਘ ਮੰਝਪੁਰ, ਗੁਰਸ਼ਰਨ ਸਿੰਘ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੇ ਦੱਸਿਆ ਕਿ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਸਾਲ 1998 ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਕਈ ਹੋਰਨਾਂ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਉਹ ਸਾਰੇ ਪਹਿਲਾਂ ਹੀ ਬਰੀ ਕੀਤੇ ਜਾ ਚੁੱਕੇ ਹਨ।
ਵਕੀਲਾਂ ਨੇ ਦੱਸਿਆ ਕਿ ਸੋਹਾਣਾ ਥਾਣੇ ਵਿੱਚ ਦਰਜ ਉਕਤ ਮਾਮਲੇ ਵਿੱਚ ਲੰਮਾ ਸਮਾਂ ਸੁਣਵਾਈ ਨਹੀਂ ਹੋਈ ਜਦੋਂ ਸਿੱਖਾਂ ਨੇ ਸਾਲ 2018 ਜਥੇਦਾਰ ਹਵਾਰਾ ਨੂੰ ਇਸ ਕਥਿਤ ਝੂਠੇ ਕੇਸ ’ਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਤਾਂ ਪੁਲੀਸ ਨੇ ਜਲਦਬਾਜ਼ੀ ਕਰਦਿਆਂ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਪ੍ਰੰਤੂ ਹੁਣ ਤੱਕ ਪੁਲੀਸ ਸਿੱਖ ਕੈਦੀ ਵਿਰੁੱਧ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਅੱਜ ਕੇਸ ਦੀ ਸੁਣਵਾਈ ਦੌਰਾਨ ਮੁਹਾਲੀ ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਜਥੇਦਾਰ ਹਵਾਰਾ ਨੂੰ ਦੋਸ਼ ਮੁਕਤ ਕਰਦਿਆਂ ਪਰਚਾ ਰੱਦ ਕਰਨ ਦਾ ਫ਼ੈਸਲਾ ਸੁਣਾਇਆ ਗਿਆ।
ਇਸ ਮੌਕੇ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਪਾਲ ਸਿੰਘ ਫਰਾਂਸ, ਜਸਵਿੰਦਰ ਸਿੰਘ ਰਾਜਪੁਰਾ, ਰਵਿੰਦਰ ਸਿੰਘ ਵਜੀਦਪੁਰ, ਬਾਬਾ ਰਾਜਾ ਰਾਜ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਬਲਜੀਤ ਸਿੰਘ ਭਾਊ ਅਤੇ ਮਾ. ਦਵਿੰਦਰ ਸਿੰਘ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਦੱਸਿਆ ਕਿ ਜਥੇਦਾਰ ਹਵਾਰਾ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 33 ਪਰਚੇ ਦਰਜ ਕੀਤੇ ਗਏ ਸਨ। ਜਿਨ੍ਹਾਂ ’ਚੋਂ 32 ਕੇਸਾਂ ਵਿੱਚ ਬਰੀ ਹੋ ਚੁੱਕੇ ਹਨ ਅਤੇ ਹੁਣ ਖਰੜ ਥਾਣੇ ਵਿੱਚ ਦਰਜ ਨਾਜਾਇਜ਼ ਅਸਲੇ ਦਾ ਇੱਕ ਕੇਸ ਪੈਂਡਿੰਗ ਹੈ।
ਉਧਰ, ਹੱਡ ਚੀਰਵੀਂ ਠੰਢ ਵਿੱਚ ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਸਰੂਪ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਤੋਂ 31 ਮੈਂਬਰੀ ਜਥਾ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਪ੍ਰਦਰਸ਼ਨ ਕੀਤਾ ਪ੍ਰੰਤੂ ਪੁਲੀਸ ਨੇ ਬੈਰੀਕੇਟ ਲਗਾ ਕੇ ਰਸਤੇ ਵਿੱਚ ਕਾਫ਼ਲਾ ਰੋਕ ਦਿੱਤਾ। ਬਾਅਦ ਵਿੱਚ ਸਾਰੇ ਪ੍ਰਦਰਸ਼ਨਕਾਰੀ ਪੱਕੇ ਮੋਰਚੇ ਵਾਲੀ ਥਾਂ ’ਤੇ ਵਾਪਸ ਪਹੁੰਚ ਗਏ। ਆਗੂਆਂ ਨੇ ਦੱਸਿਆ ਕਿ 7 ਜਨਵਰੀ ਨੂੰ ਪੱਕਾ ਮੋਰਚਾ ਲੱਗੇ ਨੂੰ ਸਾਲ ਪੂਰਾ ਹੋਣ ’ਤੇ ਪੰਥਕ ਸੰਮੇਲਨ ਕਰਵਾਇਆ ਜਾਵੇਗਾ ਅਤੇ 11 ਜਨਵਰੀ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਵਿਸ਼ਾਲ ਇਨਸਾਫ਼ ਮਾਰਚ ਕੱਢਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…