Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਬਣੇਗਾ ਅਤਿ-ਆਧੁਨਿਕ ਸਬ-ਰਜਿਸਟਰਾਰ ਦਫ਼ਤਰ, 90 ਮਿੰਟਾਂ ’ਚ ਹੋਵੇਗੀ ਰਜਿਸਟਰੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁਹਾਲੀ ਵਿੱਚ ਵੱਖ-ਵੱਖ ਦਫ਼ਤਰਾਂ ਦਾ ਅਚਨਚੇਤ ਦੌਰਾ, ਲੋਕਾਂ ਨਾਲ ਸਿੱਧੀ ਗੱਲ ਕਰਕੇ ਲਈ ਫੀਡਬੈਕ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਸੌਖੀਆਂ ਅਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਦੇਣ ਦੀ ਵਚਨਬੱਧਤਾ ਉੱਤੇ ਚੱਲਦਿਆਂ ਮੁਹਾਲੀ ਦੇ ਸਬ-ਰਜਿਸਟਰਾਰ ਦਫ਼ਤਰ ਨੂੰ ਅਤਿ-ਆਧੁਨਿਕ ਬਣਾਇਆ ਜਾ ਰਿਹਾ ਹੈ। ਇਸ ਦਫ਼ਤਰ ਵਿੱਚ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇਕੋ ਛੱਤ ਹੇਠ ਇਕ ਦਿਨ ਵਿੱਚ ਸਾਰੀਆਂ ਸੇਵਾਵਾਂ ਮਿਲਣਗੀਆਂ ਅਤੇ 90 ਮਿੰਟਾਂ ਵਿੱਚ ਜਾਇਦਾਦ ਦੀ ਰਜਿਸਟਰੀ ਹੋਵੇਗੀ ਅਤੇ ਖ਼ਰੀਦਦਾਰ ਨੂੰ ਰਜਿਸਟਰੀ ਦੀ ਕਾਪੀ ਵੀ ਮਿਲੇਗੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਬਣ ਰਹੇ ਪੰਜਾਬ ਦੇ ਪਹਿਲੇ ਅਤਿ-ਆਧੁਨਿਕ ਸਬ-ਰਜਿਸਟਰਾਰ ਦਫ਼ਤਰ ਦੇ ਕੰਮ ਦੀ ਸਮੀਖਿਆ ਕਰਨ ਲਈ ਅੱਜ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁਹਾਲੀ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਦਫ਼ਤਰਾਂ (ਤਹਿਸੀਲ ਦਫ਼ਤਰ, ਫ਼ਰਦ ਕੇਂਦਰ ਤੇ ਆਰਟੀਏ) ਦਾ ਅਚਨਚੇਤੀ ਦੌਰਾ ਕਰ ਕੇ ਉੱਥੇ ਮੌਜੂਦ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ਾਂ ਅਨੁਸਾਰ ਸਰਕਾਰੀ ਦਫ਼ਤਰਾਂ ਵਿੱਚ ਕੰਮਾਂ-ਕਾਰਾਂ ਲਈ ਆਉਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਲੋਕਾਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਸੇਵਾਵਾਂ ਮਿਲਣਾ ਯਕੀਨੀ ਬਣਾਇਆ ਜਾਵੇ। ਮੁੱਖ ਸਕੱਤਰ ਨੇ ਨਵੇਂ ਬਣਨ ਵਾਲੇ ਦਫ਼ਤਰ ਦਾ ਜਾਇਜ਼ਾ ਲੈਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਰਜਿਸਟਰੀ ਕਰਵਾਉਣ ਵਾਲਿਆਂ ਦੀ ਖੱਜਲ-ਖੁਆਰੀ ਬਿਲਕੁਲ ਖ਼ਤਮ ਕਰਨ ਅਤੇ ਸਮੇਂ ਦੀ ਬੱਚਤ ਕਰਨ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਬ-ਰਜਿਸਟਰਾਰ ਦਫ਼ਤਰ ਸਥਾਪਿਤ ਕੀਤਾ ਜਾ ਰਿਹਾ ਹੈ। ਨਵੇਂ ਦਫ਼ਤਰ ਦੇ ਨਿਵੇਕਲੇ ਪਹਿਲੂਆਂ ਉੱਤੇ ਝਾਤ ਪਾਉਂਦਿਆਂ ਮੁੱਖ ਸਕੱਤਰ ਨੇ ਦੱਸਿਆ ਕਿ ਰਜਿਸਟਰੀ ਦਾ ਵਸੀਕਾ ਤਿਆਰ ਕਰਨ ਤੋਂ ਲੈ ਕੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਅਧਿਕਾਰਤ ਕਾਉਂਟਰ ਤੋਂ ਸਟੈਂਪ ਪੇਪਰਾਂ ਦੀ ਖ਼ਰੀਦ, ਸ਼ਨਾਖ਼ਤ ਲਈ ਈਕੇਵਾਈਸੀ, ਜਾਇਦਾਦ ਦੀ ਖ਼ਰੀਦ ਤੇ ਵੇਚ ਕਰਨ ਵਾਲੇ ਦੀ ਗਵਾਹ ਸਮੇਤ ਉੱਚ ਕੁਆਲਿਟੀ ਦੀ ਤਸਵੀਰ ਖਿਚਵਾਉਣੀ ਅਤੇ ਰਜਿਸਟਰੀ ਦੀ ਇਹ ਸਾਰੀ ਪ੍ਰਕਿਰਿਆ 90 ਮਿੰਟ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇਗੀ। ਜਿਸ ਵਿੱਚ ਰਜਿਸਟਰੀ ਦਾ ਰੰਗਦਾਰ ਪ੍ਰਿੰਟ ਦੀ ਸਹੂਲਤ ਵੀ ਇਕ ਛੱਤ ਹੇਠ ਮਿਲੇਗੀ। ਰਜਿਸਟਰੀ ਲਿਖਣ ਦੇ ਵੱਖ-ਵੱਖ ਕਾਉਂਟਰ ਇਸੇ ਦਫ਼ਤਰ ਵਿੱਚ ਹੋਣਗੇ। ਜੇਕਰ ਕੋਈ ਖ਼ੁਦ ਵਸੀਕਾ ਲਿਖਣਾ ਚਾਹੁੰਦਾ ਹੈ ਜਾਂ ਉਹ ਘਰ ਤੋਂ ਹੀ ਕਾਗਜ਼ ਲਿਖ ਕੇ ਲਿਆਉਣਾ ਚਾਹੁੰਦਾ ਹੈ ਤਾਂ ਉਸ ਲਈ ਆਨਲਾਈਨ ਕਾਉਂਟਰ ਹੋਵੇਗਾ। ਮੁੱਖ ਸਕੱਤਰ ਨੇ ਦੱਸਿਆ ਕਿ ਅੌਰਤਾਂ ਲਈ ਸਟੈਂਪ ਡਿਊਟੀ ਵਿੱਚ 2 ਫੀਸਦੀ ਛੋਟ ਕਾਰਨ ਰਜਿਸਟਰੀ ਕਰਵਾਉਣ ਵਾਲਿਆਂ ਵਿੱਚ ਅੌਰਤਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਨਵੇਂ ਦਫ਼ਤਰ ਵਿੱਚ ਅੌਰਤਾਂ ਦੇ ਬੈਠਣ ਲਈ ਵਿਸ਼ੇਸ਼ ਜਗ੍ਹਾ ਦਾ ਪ੍ਰਬੰਧ ਹੋਵੇਗਾ। ਨਾਲ ਹੀ ਲੋਕਾਂ ਦੇ ਬੈਠਣ ਲਈ ਉਡੀਕ ਖੇਤਰ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਰਜਿਸਟਰੀ ਲਈ ਆਪਣਾ ਸਮਾਂ ਲੈਣ ਵਾਲਾ ਵਿਅਕਤੀ ਆਪਣੇ ਮੋਬਾਈਲ ਉੱਤੇ ਮਿਲੀ ਅਪੁਆਇੰਟਮੈਂਟ ਦਿਖਾ ਕੇ ਦਫ਼ਤਰ ਵਿੱਚ ਆ ਸਕੇਗਾ। ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਮਾਲ) ਕੇ.ਏ.ਪੀ. ਸਿਨਹਾ ਨੇ ਕਿਹਾ ਕਿ ਭਵਿੱਖ ਦੀਆਂ ਚੁਨੌਤੀਆਂ ਨੂੰ ਦੇਖਦਿਆਂ ਨਵੇਂ ਦਫ਼ਤਰ ਵਿੱਚ ਬੁਨਿਆਦੀ ਸਹੂਲਤਾਂ ਅਤੇ ਸਟਾਫ਼ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਰਜਿਸਟਰੀ ਕਰਵਾਉਣ ਆਉਣ ਵਾਲੇ ਵਿਅਕਤੀਆਂ ਗਿਣਤੀ ਵਧਣ ਦੇ ਬਾਵਜੂਦ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਪੀਡਬਲਿਊਡੀ ਵਿਭਾਗ ਦੇ ਸਕੱਤਰ ਪ੍ਰਿਆਂਕ ਭਾਰਤੀ, ਵਿਸ਼ੇਸ਼ ਸਕੱਤਰ (ਮਾਲ) ਕੇਸ਼ਵ ਹਿੰਗੋਨੀਆ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸਟਾਫ਼ ਅਫ਼ਸਰ ਟੀ. ਬੈਨਿਥ, ਐਸਐਸਪੀ ਸੰਦੀਪ ਗਰਗ, ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਐਸਡੀਐਮ ਚੰਦਰਜੋਤੀ ਸਿੰਘ, ਚੀਫ਼ ਆਰਕੀਟੈਕਟ ਸਪਨਾ, ਡੀਆਰਓ ਅਮਨਦੀਪ ਚਾਵਲਾ, ਸਬ ਰਜਿਸਟਰਾਰ ਬੀਰਕਰਨ ਸਿੰਘ ਤੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ