Share on Facebook Share on Twitter Share on Google+ Share on Pinterest Share on Linkedin ਭਾਰਤ-ਪਾਕ ਤਣਾਅ: ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਰੱਦ, ਯਾਤਰੀ ਵਾਪਸ ਮੁੜੇ ਮੁਹਾਲੀ ਏਅਰਪੋਰਟ ’ਤੇ ਸੁਰੱਖਿਆ ਵਧਾਈ, ਡੀਐਸਪੀ ਬੱਲ ਦੀ ਨਿਗਰਾਨੀ ਹੇਠ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਨਬਜ਼-ਏ-ਪੰਜਾਬ, ਮੁਹਾਲੀ, 7 ਮਈ: ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਭਾਰਤ ਵੱਲੋਂ ਲੰਘੀ ਰਾਤ ਕੀਤੇ ਗਏ ਅਪਰੇਸ਼ਨ ਸਿੰਦੂਰ ਮਗਰੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ਨੂੰ 10 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਥੋਂ ਬਾਹਰਲੇ ਮੁਲਕਾਂ ਨੂੰ ਜਾਣ ਅਤੇ ਮੁਹਾਲੀ-ਚੰਡੀਗੜ੍ਹ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਅੱਜ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਕਾਫ਼ੀ ਮੁਸ਼ਕਲ ਹੋਈ ਅਤੇ ਉਨ੍ਹਾਂ ਨੂੰ ਐਨ ਮੌਕੇ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਹੀ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਇੰਡੀਗੋ ਏਅਰਲਾਈਨਜ਼ ਦੀਆਂ ਹਨ। ਅੱਜ ਵੱਡੀ ਗਿਣਤੀ ਵਿੱਚ ਯਾਤਰੀ ਪਹਿਲਾਂ ਤੋਂ ਨਿਰਧਾਰਿਤ ਸ਼ਡਿਊਲ ਮੁਤਾਬਕ ਦੁਬਈ, ਬੰਗਲੌਰ, ਆਬੂਧਾਬੀ, ਮੁੰਬਈ ਅਤੇ ਹੋਰਨਾਂ ਸ਼ਹਿਰਾਂ ਵਿੱਚ ਜਾਣ ਲਈ ਮੁਹਾਲੀ ਹਵਾਈ ਅੱਡੇ ’ਤੇ ਪਹੁੰਚੇ ਸਨ ਪ੍ਰੰਤੂ ਉਡਾਣਾਂ ਰੱਦ ਹੋਣ ਕਾਰਨ ਉਨ੍ਹਾਂ ਸਾਰਿਆਂ ਨੂੰ ਵਾਪਸ ਘਰਾਂ ਨੂੰ ਮੁੜਨਾ ਪਿਆ। ਆਪਣੀ ਦੋ ਧੀਆਂ ਨਾਲ ਮੁਹਾਲੀ ਏਅਰਪੋਰਟ ’ਤੇ ਪਹੁੰਚੀ ਸ਼ੀਤਲ ਜੋਸ਼ੀ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਮੁੰਬਈ ਜਾਣਾ ਸੀ ਅਤੇ ਉਹ ਆਪਣੀਆਂ ਦੋਵੇਂ ਧੀਆਂ ਨਾਲ ਸਵੇਰੇ ਕਰੀਬ ਸਾਢੇ 11 ਵਜੇ ਹਵਾਈ ਅੱਡੇ ’ਤੇ ਪਹੁੰਚ ਗਈ ਸੀ ਪਰ ਇੱਥੋਂ ਕਿਸੇ ਜਹਾਜ਼ ਨੇ ਉਡਾਣ ਨਹੀਂ ਭਰੀ। ਪਹਿਲਾਂ ਉਨ੍ਹਾਂ ਨੂੰ ਫੋਨ ’ਤੇ ਸਿਰਫ਼ ਇਹ ਮੈਸੇਜ ਆਇਆ ਸੀ ਕਿ ਫਲਾਈਟ ਥੋੜੀ ਲੇਟ ਹੈ ਪ੍ਰੰਤੂ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਫਿਰ ਉਨ੍ਹਾਂ ਸੋਚਿਆ ਕਿ ਉਹ ਬੱਸ ਜਾਂ ਟਰੇਨ ਰਾਹੀਂ ਦਿੱਲੀ ਚਲੇ ਜਾਣਗੇ, ਉੱਥੋਂ (ਦਿੱਲੀ) ਮੁੰਬਈ ਦੀ ਫਲਾਈਟ ਲੈਣਗੇ ਪਰ ਦਿੱਲੀ ਹਵਾਈ ਅੱਡੇ ’ਤੇ ਵੀ ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸ਼ੀਤਲ ਜੋਸ਼ੀ ਨੇ ਕੇਂਦਰ ਸਰਕਾਰ ਦੀ ਤਾਜ਼ਾ ਕਾਰਵਾਈ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਭਾਰਤ ਨੇ ਬਿਲਕੁਲ ਸਹੀ ਕੀਤਾ ਹੈ। ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ ਇਹ ਬਹੁਤ ਜ਼ਰੂਰੀ ਸੀ। ਜੈਸੇ ਕੋ ਤੈਸਾ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਤੋਂ ਆਬੂਧਾਬੀ ਜਾਣਾ ਸੀ। ਉਸ ਦੀ ਅੱਜ ਬਾਅਦ ਦੁਪਹਿਰ 3:20 ਵਜੇ ਦੀ ਫਲਾਈਟ ਸੀ, ਉਹ ਸਵੇਰੇ ਸਾਢੇ 11 ਵਜੇ ਮੁਹਾਲੀ ਏਅਰਪੋਰਟ ਪਹੁੰਚ ਗਏ ਸੀ। ਉਸ ਤੋਂ ਇਲਾਵਾ ਉਨ੍ਹਾਂ ਦੇ ਪਿੰਡਾਂ ਦੇ ਕਰੀਬ 20 ਹੋਰ ਵਿਅਕਤੀ ਵੀ ਸਨ ਪ੍ਰੰਤੂ ਉਡਾਣਾਂ ਰੱਦ ਕਾਰਨ ਉਨ੍ਹਾਂ ਸਾਰਿਆਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਭੁਪਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਇਹ ਚਿੰਤਾ ਹੈ ਕਿ ਉਹ ਦੁਬਾਰਾ ਵਿਦੇਸ਼ ਜਾ ਸਕਣ ਜਾਂ ਨਹੀਂ? ਉਨ੍ਹਾਂ ਦੇ ਪੈਸੇ ਵਾਪਸ ਹੋ ਜਾਣਗੇ ਜਾਂ ਨਹੀਂ? ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿੱਚ ਤਣਾਅ ਦਾ ਅਸਰ ਆਮ ਜਨ ਜੀਵਨ ’ਤੇ ਪੈਣਾ ਸੁਭਾਵਿਕ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਇੰਡੀਗੋ ਦੀ ਫਲਾਈਟ ਰਾਹੀਂ ਵਾਪਸ ਬੰਗਲੌਰ ਜਾਣਾ ਸੀ ਪਰ ਇੱਥੇ ਪਹੁੰਚ ਕਿ ਪਤਾ ਲੱਗਾ ਕਿ ਸਾਰੀਆਂ ਫਲਾਈਟਾਂ 10 ਮਈ ਤੱਕ ਰੱਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇੰਡੀਗੋ ਨੂੰ ਯਾਤਰੀਆਂ ਨਾਲ ਗੱਲ ਕਰਕੇ ਇਤਲਾਹ ਦੇਣੀ ਚਾਹੀਦੀ ਸੀ। ਇਸ ਤੋਂ ਇਲਾਵਾ ਕਰੀਬ 30 ਯਾਤਰੀ ਹੋਰ ਸਨ, ਜਿਨ੍ਹਾਂ ਨੇ ਕਰਨਾਟਕਾ ਜਾਣਾ ਸੀ। ਕੁੱਲ ਮਿਲਾ ਕੇ ਜ਼ਿਆਦਾਤਰ ਮੁਸਾਫ਼ਰਾਂ ਨੂੰ ਏਅਰਪੋਰਟ ’ਤੇ ਖੱਜਲ-ਖੁਆਰ ਹੁੰਦੇ ਦੇਖਿਆ ਗਿਆ। ਉਧਰ, ਅੱਤਵਾਦੀ ਹਮਲੇ ਅਤੇ ਦੋਵੇਂ ਮੁਲਕਾਂ ਵਿੱਚ ਤਣਾਅ ਨੂੰ ਦੇਖਦੇ ਹੋਏ ਏਅਰਪੋਰਟ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਏਅਰਪੋਰਟ ਨੂੰ ਜਾਣ ਵਾਲੀ ਸੜਕ ਉੱਤੇ ਥਾਂ-ਥਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਏਅਰਪੋਰਟ ਦੇ ਅੰਦਰ ਅਤੇ ਬਾਹਰੀ ਖੇਤਰ ਵਿੱਚ ਚੱਪੇ-ਚੱਪੇ ’ਤੇ ਪੁਲੀਸ ਤੇ ਵਿਸ਼ੇਸ਼ ਕਮਾਂਡੋ ਤਾਇਨਾਤ ਕੀਤੇ ਗਏ ਹਨ। ਬਾਹਰੀ ਸੁਰੱਖਿਆ ਦਾ ਜ਼ਿੰਮਾ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੇ ਮੋਢਿਆਂ ’ਤੇ ਹੈ। ਉਂਜ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਵੀ ਏਅਰਪੋਰਟ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ