ਆਬਕਾਰੀ ਵਿਭਾਗ ਵੱਲੋਂ 1020 ਲੀਟਰ ਲਾਹਨ ਤੇ 5 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਪਿਛਲੇ ਦਿਨਾਂ ’ਚ ਆਬਕਾਰੀ ਨਾਲ ਸਬੰਧਤ 5 ਕੇਸਾਂ ਵਿੱਚ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਅੰਤਰਰਾਜੀ ਸਰਹੱਦਾਂ ’ਤੇ ਵਾਹਨਾਂ ਦੀ ਜਾਂਚ ਤੇ ਢਾਬਿਆਂ ਅਤੇ ਰੈਸਟੋਰੈਂਟਾਂ ਦੀ ਅਚਨਚੇਤ ਚੈਕਿੰਗ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਬਕਾਰੀ ਵਿਭਾਗ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਕਲਹੋਤਰਾ ਨੇ ਕਿਹਾ ਕਿ ਗੁਆਂਢੀ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਮੁਹਾਲੀ ਪੁਲੀਸ ਦੇ ਤਾਲਮੇਲ ਨਾਲ ਚੰਡੀਗੜ੍ਹ, ਅੰਬਾਲਾ ਅਤੇ ਪੰਚਕੂਲਾ ਵਾਲੇ ਪਾਸਿਓਂ ਤੋਂ ਮੁਹਾਲੀ ਜ਼ਿਲ੍ਹੇ ਵਿੱਚ 26 ਅੰਤਰਰਾਜੀ ਐਂਟਰੀ ਪੁਆਇੰਟ ਨਿਰਧਾਰਿਤ ਕੀਤੇ ਗਏ ਹਨ। ਇਨ੍ਹਾਂ ਸਾਰੇ ਨਾਕਿਆਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰ ਦਿੱਤਾ ਜਾਵੇਗਾ। ਹੁਣ ਤੱਕ ਪੁਲੀਸ ਦੇ ਤਾਲਮੇਲ ਨਾਲ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਸਾਂਝੇ ਨਾਕੇ ਲਗਾਏ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਦੇ ਯਤਨਾਂ ਸਦਕਾ ਅੰਤਰਰਾਜੀ ਸਰਹੱਦਾਂ ’ਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਰਣਨੀਤੀ ’ਤੇ ਕੰਮ ਕਰਨ ਲਈ ਯੂਟੀ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਚਾਰ ਵਾਧੂ ਆਬਕਾਰੀ ਇੰਸਪੈਕਟਰਾਂ ਤੋਂ ਇਲਾਵਾ ਚਾਰ ਸਮਰਪਿਤ ਟੀਮਾਂ ਬਣਾ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਟੀਮਾਂ ਵੱਲੋਂ ਢਾਬਿਆਂ, ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕਰਨ ਸਮੇਤ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਪੁਆਇੰਟਾਂ ’ਤੇ ਜਾਇਜ਼ ਲਾਇਸੈਂਸ ਤੋਂ ਬਿਨਾਂ ਸ਼ਰਾਬ ਨਾ ਪਰੋਸੀ ਜਾ ਸਕੇ ਅਤੇ ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਨਾ ਹੋ ਸਕੇ। ਜ਼ਿਲ੍ਹੇ ਵਿੱਚ 1 ਮਾਰਚ ਤੋਂ ਹੁਣ ਤੱਕ 13932 ਬੋਤਲਾਂ ਸ਼ਰਾਬ ਅਤੇ 285 ਕਿੱਲੋ ਲਾਹਣ ਬਰਾਮਦ ਕਰਕੇ 87 ਪਰਚੇ ਦਰਜ ਕੀਤੇ ਗਏ ਹਨ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਬਾਅਦ ਐਕਸਾਈਜ਼ ਟੀਮਾਂ ਨੇ 5 ਵੱਖ-ਵੱਖ ਕੇਸਾਂ ਵਿੱਚ 54 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ, ਜਿਸ ਵਿੱਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਰੜ ਅਤੇ ਮੁੱਲਾਂਪੁਰ ਖੇਤਰ ਵਿੱਚ ਗੈਰ-ਕਾਨੂੰਨੀ ਸਥਾਨ/ਹੁੱਕਾ ਬਾਸ ਵਿੱਚ ਗੈਰ-ਕਾਨੂੰਨੀ ਸ਼ਰਾਬ ਪੀਣ ਵਿਰੁੱਧ 2 ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਆਬਕਾਰੀ ਵਿਭਾਗ ਨੇ ਪਿੰਡ ਬੇਹੜਾ ਵਿੱਚ ਛਾਪੇਮਾਰੀ ਕਰਕੇ 1020 ਲੀਟਰ ਲਾਹਨ, 5 ਲੀਟਰ ਨਾਜਾਇਜ਼ ਸ਼ਰਾਬ, ਇੱਕ ਗੈਸ ਭੱਠੀ ਅਤੇ ਡਰੰਮ ਬਰਾਮਦ ਕੀਤੇ ਹਨ। ਇਸ ਸਬੰਧੀ ਡੇਰਾਬੱਸੀ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਆਬਕਾਰੀ ਵਿਭਾਗ ਦੀਆਂ ਟੀਮਾਂ ਸ਼ਰਾਬ ਦੇ ਗੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਬਕਾਰੀ ਪ੍ਰਬੰਧਾਂ ਅਨੁਸਾਰ ਅਹਾਤੇ ’ਤੇ ਸ਼ਰਾਬ ਦੀ ਖਪਤ ਲਈ ਲਾਇਸੈਂਸ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਾਰਡ ਬਾਰਾਂ ਨੂੰ ਐਲ-3,4,5, ਬੀਅਰ ਬਾਰਾਂ ਨੂੰ ਐਲ-3ਏ, 41, 51, ਪੱਬ ਬਾਰਜ਼ ਨੂੰ L-52, ਕਲੱਬ ਬਾਰ L-12 3 ਅਤੇ ਮੈਰਿਜ ਪੈਲੇਸ L-54 ਦੀ ਲੋੜ ਹੈ। ਇਸ ਤੋਂ ਇਲਾਵਾ ਮੈਰਿਜ ਪੈਲੇਸ ਜਾਂ ਅਜਿਹੀ ਕਿਸੇ ਹੋਰ ਥਾਂ ’ਤੇ ਸ਼ਰਾਬ ਪਰੋਸਣ ਲਈ ਐਲ-50 ਏ ਦੇ ਰੂਪ ਵਿੱਚ ਵਿਸ਼ੇਸ਼ ਪਰਮਿਟ ਦੀ ਲੋੜ ਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…