Share on Facebook Share on Twitter Share on Google+ Share on Pinterest Share on Linkedin ਦਿੱਲੀ ਸ਼ਰਾਬ ਘੁਟਾਲਾ: ਮੰਤਰੀ ਅਤੇ ‘ਆਪ’ ਵਿਧਾਇਕ ਸੜਕਾਂ ’ਤੇ ਉੱਤਰੇ, ਕੇਜਰੀਵਾਲ ਦੀ ਰਿਹਾਈ ਮੰਗੀ ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ: ਦਿੱਲੀ ਸ਼ਰਾਬ ਘੁਟਾਲੇ ਵਿੱਚ ਨਾਮਜ਼ਦ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਪੰਜਾਬ ਵਜ਼ਾਰਤ ਦੇ ਕਈ ਕੈਬਨਿਟ ਮੰਤਰੀ, ਆਪ ਵਿਧਾਇਕਾਂ, ਹੋਰਨਾਂ ਆਗੂਆਂ ਅਤੇ ਸਮਰਥਕਾਂ ਨੇ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ’ਤੇ ਬਦਲਾਖ਼ੋਰੀ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਅੱਜ ਦਾ ਇਹ ਧਰਨਾ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ ਸੀ। ਬੁਲਾਰਿਆਂ ਨੇ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਖੁੱਡੀਆਂ, ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ ਬੁੱਧਰਾਮ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜਰ, ਵਿਜੈ ਸਿੰਗਲਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਯੂਥ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਨੂ ਬੱਬਰ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਮੇਤ ਕਰੀਬ 26 ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ ਪ੍ਰੰਤੂ ਅੱਜ ਦੇ ਇਸ ਰੋਸ ਪ੍ਰਦਰਸ਼ਨ ਦੌਰਾਨ ਸਾਧਾਰਨ ਵਲੰਟੀਅਰਾਂ ਦੀ ਵੱਡੀ ਘਾਟ ਰੜਕਦੀ ਰਹੀ। ਮੰਚ ’ਤੇ ਅਤੇ ਪੰਡਾਲ ਵਿੱਚ ਜ਼ਿਆਦਾਤਰ ਆਗੂ ਹੀ ਬੈਠੇ ਨਜ਼ਰ ਆਏ। ਕਹਿਣ ਤੋਂ ਭਾਵ ‘ਆਪ’ ਪ੍ਰਦਰਸ਼ਨ ਦੌਰਾਨ ਵਲੰਟੀਅਰਾਂ ਦਾ ਇਕੱਠ ਉਮੀਦ ਨਾਲੋਂ ਕਾਫ਼ੀ ਘੱਟ ਸੀ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਮਾ ਨੇ ਕਿਹਾ ਕਿ ਗੁਜਰਾਤ ਚੋਣਾਂ ਤੋਂ ਬਾਅਦ ਭਾਜਪਾ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਜਾਣ ਚੁੱਕੇ ਸਨ ਕਿ ਆਮ ਆਦਮੀ ਪਾਰਟੀ ਹੀ ਭਾਜਪਾ ਦਾ ਦੂਜਾ ਬਦਲ ਹੈ ਅਤੇ ਉਨ੍ਹਾਂ ਨੂੰ ‘ਆਪ’ ਹੀ ਸਖ਼ਤ ਟੱਕਰ ਦੇ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਨੇ ਬਦਲਾਖੋਰੀ ਦੀ ਭਾਵਨਾ ਤਹਿਤ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪੂਰੀ ਸਾਜ਼ਿਸ਼ ਰਚ ਕੇ ਉਨ੍ਹਾਂ ਨੂੰ ਝੂਠੇ ਸ਼ਰਾਬ ਘੁਟਾਲੇ ਵਿੱਚ ਫਸਾਇਆ ਗਿਆ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ, ਆਪਣੇ ਆਗੂ ਦੀ ਬਦੌਲਤ ਹਨ। ਇਸ ਲਈ ਪੰਜਾਬ ਦੇ ਆਗੂ ਅਤੇ ਵਲੰਟੀਅਰ ਪਾਰਟੀ ਮੁਖੀ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਲੜਦੇ ਰਹਿਣਗੇ। ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ ਬੁੱਧਰਾਮ ਸਿੰਘ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਕੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਘਾਣ ਕੀਤਾ ਹੈ। ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਦੀ ਚੜ੍ਹਤ ਦੇਖ ਕੇ ਭਾਜਪਾ ਘਬਰਾਹਟ ਵਿੱਚ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਜਿੰਨਾ ਮਰਜ਼ੀ ਜਬਰ-ਜੁਲਮ ਢਾਹ ਲਵੇ, ਉਹ ਹਾਰ ਮੰਨਣ ਵਾਲੇ ਨਹੀਂ ਹਨ। ਕੇਂਦਰ ਦੀਆਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਫੌਜਾ ਸਿੰਘ ਸਰਾਰੀ, ਗੁਰਪ੍ਰੀਤ ਸਿੰਘ ਬਨਾਵਾਲੀ, ਲਖਬੀਰ ਸਿੰਘ ਰਾਏ, ਡਾ. ਚਰਨਜੀਤ ਸਿੰਘ ਚੰਨੀ, ਰਜਨੀਸ਼ ਦਈਆ, ਡਾ. ਅਮਨਦੀਪ ਕੌਰ ਅਰੋੜਾ, ਜਗਦੀਪ ਸਿੰਘ ਬਰਾੜ, ਮੁਹੰਮਦ ਜੈਮਲ ਉਰ ਅਹਿਮਾਨ, ਸਰਬਜੀਤ ਕੌਰ ਮਾਣੂਕੇ, ਅਸ਼ੋਕ ਪੱਪੀ ਪ੍ਰਾਸ਼ਰ, ਨਰਿੰਦਰ ਕੌਰ ਭਾਰਜ, ਬਲਕਾਰ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਪੰਡੋਰੀ ਅਤੇ ਦਿਨੇਸ਼ ਚੱਡਾ (ਸਾਰੇ ਵਿਧਾਇਕ), ਐਡਵੋਕੇਟ ਅਮਰਦੀਪ ਕੌਰ ਅਤੇ ਹੋਰ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ