ਡੀਸੀ ਵੱਲੋਂ ਉਡਾਣਾਂ ਦੀ ਸੁਰੱਖਿਅਤ ‘ਲੈਂਡਿੰਗ’ ਤੇ ‘ਟੇਕਆਫ਼’ ਨੂੰ ਯਕੀਨੀ ਬਣਾਉਣ ਲਈ ਪੰਛੀਆਂ ਦੀ ਰੋਕਥਾਮ ’ਤੇ ਜ਼ੋਰ

ਹਵਾਈ ਅੱਡੇ ਦੇ ਆਲੇ ਦੁਆਲੇ ਪੰਛੀਆਂ ਦੀ ਰੋਕਥਾਮ ਬਾਰੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਅਹਿਮ ਮੀਟਿੰਗ

ਸਬੰਧਤ ਵਿਭਾਗਾਂ ਨੂੰ ਨਿਯਮਤ ਨਿਗਰਾਨੀ ਕਰਨ ਤੇ ਸਥਾਈ ਹੱਲ ਤੇਜ਼ੀ ਨਾਲ ਕਰਨ ਦੇ ਨਿਰਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 9 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ, ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਏਅਰਪੋਰਟ ਅਥਾਰਟੀਆਂ ਸਣੇ ਮੁਹਾਲੀ ਨਗਰ ਨਿਗਮ, ਗਮਾਡਾ ਅਤੇ ਪੰਚਾਇਤ ਵਿਭਾਗ ਨਾਲ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਦੇ ਆਲੇ-ਦੁਆਲੇ ਦੇ ਏਅਰਫੀਲਡ ਨੂੰ ਪੰਛੀਆਂ ਤੋਂ ਮੁਕਤ ਬਣਾਉਣ ਲਈ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੇ ਏਅਰਫੀਲਡ ਵਿੱਚ ਪੰਛੀਆਂ ਦੀ ਮੌਜੂਦਗੀ ਕਾਰਨ ‘ਲੈਂਡਿੰਗ’ ਅਤੇ ‘ਟੇਕ ਆਫ਼’ ਦੌਰਾਨ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਈ ਰੋਕਥਾਮ ਉਪਾਵਾਂ ਲਈ ਸਬੰਧਤ ਵਿਭਾਗਾਂ ਨੂੰ ਠੋਸ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਹਵਾਈ ਅੱਡਾ ਅਥਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਲਿਆਂਦਾ ਹੈ ਕਿ ਮੀਟ ਦੀਆਂ ਦੁਕਾਨਾਂ ’ਤੇ ਕੱਚਾ ਮਾਸ ਅਤੇ ਰਹਿੰਦ-ਖੂੰਹਦ ਕਾਰਨ ਇਸ ਖੇਤਰ ਵਿੱਚ ਪੰਛੀਆਂ ਦੀ ਆਮਦ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹੈ। ਪਿੰਡ ਕੰਬਾਲਾ, ਜਗਤਪੁਰਾ ਅਤੇ ਸੈਕਟਰ-74 ਦੇ ਆਸ-ਪਾਸ ਲੱਗੇ ਕੂੜੇ ਦੇ ਢੇਰਾਂ ਨੂੰ ਸ਼ਿਫ਼ਟ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਧਿਆਨ ਦੇਣ ’ਤੇ ਜ਼ੋਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਮ ਸਬੰਧੀ ਕਾਰਵਾਈ ਚਲ ਰਹੀ ਹੈ ਅਤੇ ਜਲਦੀ ਹੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਡਰੇਨਜ ਵਿਭਾਗ ਨੂੰ ਕੰਬਾਲਾ ਅਤੇ ਜਗਤਪੁਰਾ ਦੀਆਂ ਡਰੇਨਾਂ ਦੀ ਸਫ਼ਾਈ ਦਾ ਕੰਮ ਛੇਤੀ ਪੂਰਾ ਕਰਨ ਦੀ ਹਦਾਇਤ ਕੀਤੀ।
ਇੰਜ ਹੀ ਨੇੜਲੇ ਮੈਰਿਜ ਪੈਲੇਸਾਂ/ਹੋਟਲਾਂ ਵੱਲੋਂ ਰਾਤ ਵੇਲੇ ਲੇਜ਼ਰ ਲਾਈਟਾਂ ਦੀ ਵਰਤੋਂ ਵੀ ਲੈਂਡਿੰਗ ਸਮੇਂ ਪਾਇਲਟਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ ਹਵਾਈ ਅੱਡੇ ਦੇ 200 ਮੀਟਰ ਦੇ ਘੇਰੇ ਵਿੱਚ ਲੇਜ਼ਰ ਲਾਈਟਾਂ ਦੀ ਵਰਤੋਂ ’ਤੇ ਤੁਰੰਤ ਪਾਬੰਦੀ ਲਗਾਉਣ ਮਨਾਹੀ ਦੇ ਹੁਕਮ ਜਾਰੀ ਕਰਨ ਲਈ ਕਿਹਾ। ਇਸ ਤੋਂ ਇਲਾਵਾ ਏਅਰਪੋਰਟ ਅਥਾਰਟੀਆਂ ਵੱਲੋਂ ਮੀਟਿੰਗ ਦੌਰਾਨ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਜ਼ੀਰਕਪੁਰ ਨੇੜੇ ਏਅਰਫੋਰਸ ਸਟੇਸ਼ਨ ਦੇ ਆਸਪਾਸ ਹਾਈ ਗਰਾਊਂਡਾਂ ਨੇੜੇ ਲੇਬਰ ਕੈਂਪ ਹੋਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਲੇਬਰਜ਼ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ।
ਡੀਸੀ ਕੋਮਲ ਮਿੱਤਲ ਨੇ ਮੌਕੇ ’ਤੇ ਹੀ ਸਬੰਧਤ ਵਿਭਾਗਾਂ, ਗਮਾਡਾ, ਨਗਰ ਨਿਗਮ ਅਤੇ ਪੰਚਾਇਤ ਵਿਭਾਗ ਨੂੰ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਦੀ ਸੁਰੱਖਿਅਤ ‘ਲੈਂਡਿੰਗ’ ਅਤੇ ‘ਟੇਕਆਫ਼’ ਨੂੰ ਯਕੀਨੀ ਬਣਾਉਣ ਲਈ ਪੰਛੀਆਂ ਦੀ ਰੋਕਥਾਮ ਨਾਲ ਸਬੰਧਤ ਕਦਮ ਚੁੱਕਣ ਲਈ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਮੀਟਿੰਗ ਵਿੱਚ ਐਸਡੀਐਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਐਸਡੀਐਮ ਡੇਰਾਬਸੀ ਅਮਿਤ ਗੁਪਤਾ, ਤਹਿਸੀਲਦਾਰ ਰੋਬਿਨਜੀਤ ਕੌਰ, ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…