ਡੀਸੀ ਵੱਲੋਂ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਸਬੰਧੀ ਅਗੇਤੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੜ੍ਹਾਂ ਨਾਲ ਨਜਿੱਠਣ ਦੀਆਂ ਅਗਾਊਂ ਤਿਆਰੀਆਂ ਲਈ ਹਦਾਇਤਾਂ ਜਾਰੀ

ਮੁਹਾਲੀ ਜ਼ਿਲ੍ਹੇ ਵਿੱਚ ਡਰੇਨਾਂ, ਨਾਲਿਆਂ ਅਤੇ ਚੋਆਂ ਆਦਿ ਦੀ ਸਫ਼ਾਈ ਵੱਲ ਵਧੇਰੇ ਧਿਆਨ ਦੇਣ ਦੇ ਨਿਰਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 25 ਜੂਨ:
ਆਉਣ ਵਾਲੇ ਮੌਨਸੂਨ ਸੀਜ਼ਨ ਨੂੰ ਦੇਖਦੇ ਹੋਏ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ, ਕੋਮਲ ਮਿੱਤਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮੌਨਸੂਨ ਨੂੰ ਧਿਆਨ ਵਿੱਚ ਰੱਖਦੇ ਹੋਏ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਡਰੇਨਜ਼, ਨਾਲਿਆਂ ਅਤੇ ਚੋਆਂ ਦੀ ਸਫਾਈ ਵੱਲ ਖਾਸ ਧਿਆਨ ਦੇਣ ਤੇ ਜ਼ੋਰ ਦਿੱਤਾ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲ 2023 ਦੀ ਮੌਨਸੂਨ ਕਾਰਨ ਹੋਏ ਨੁਕਸਾਨ ਨੂੰ ਦੇਖਦੇ ਹੋਏ ਹੜ੍ਹਾਂ ਨਾਲ ਨਜਿੱਠਣ ਲਈ ਵਧੇਰੇ ਤਿਆਰੀ/ਚੌਕਸੀ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ, ਜਿਸ ਦਾ ਸੰਪਰਕ ਨੰਬਰ 0172-2219505 ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਹੋ ਰਹੇ ਮੌਨਸੂਨ ਸੀਜ਼ਨ ਨੂੰ ਦੇਖਦੇ ਹੋਏ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰਾਂ ਤਿਆਰ ਰਹਿਣਾ ਚਾਹੀਦਾ ਹੈ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਨਾਲ ਸਬੰਧਤ ਕੰਮਾਂ ਦੇ ਅਗੇਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਬੀਡੀਓਜ਼, ਈਓਜ਼ ਉਪ ਮੰਡਲ ਮੈਜਿਸਟ੍ਰੇਟ ਨਾਲ ਮਿਲਕੇ ਹੜ੍ਹ ਸੰਭਾਵਿਤ ਥਾਵਾਂ ਦਾ ਮੁਆਇਨਾ ਕਰਕੇ ਲੋੜੀਂਦੇ ਪ੍ਰਬੰਧਾਂ ਦੀ ਅਤੇ ਸਾਜ਼ੋ ਸਮਾਨ ਦੀ ਤਿਆਰੀ ਕਰਕੇ ਰੱਖਣ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਸਬੰਧੀ ਲੋੜੀਂਦੇ ਸਮਾਨ ਫਲੱਡ ਲਾਈਟਾਂ, ਸਰਚ ਲਾਈਟਾਂ, ਲਾਈਫ਼ ਜੈਕਟਾਂ, ਕਿਸ਼ਤੀਆਂ, ਜਨਰੇਟਰ, ਤਰਪਾਲਾਂ ਆਦਿ ਸਮਾਨ ਦੀ ਅਗੇਤੇ ਤੌਰ ’ਤੇ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਰਿਪੇਅਰ ਦੀ ਲੋੜ ਹੈ, ਤਾਂ ਤੁਰੰਤ ਰਿਪੇਅਰ ਕਰਵਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਮੀਂਹ ਦੌਰਾਨ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਪੰਪ ਖਰੀਦੇ ਜਾਣ ਜਾਂ ਕਿਰਾਏ ਤੇ ਲਏ ਜਾਣ ਤਾਂ ਜੋ ਲੋੜ ਪੈਣ ਤੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸ਼ਹਿਰਾਂ ਅਤੇ ਪਿੰਡਾਂ ਦੇ ਡਰੇਨੇਜ ਅਤੇ ਸੀਵਰੇਜ ਅਤੇ ਬਰਸਾਤੀ ਚੋਆਂ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਹੜ੍ਹਾਂ ਦੌਰਾਨ ਪਾਣੀ ਦੀ ਨਿਕਾਸੀ ਲਈ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਅਸਰੁੱਖਿਅਤ ਇਮਾਰਤਾਂ ਦੀ ਸ਼ਨਾਖਤ ਕਰਨ ਅਤੇ ਸਮੇਂ ਸਿਰ ਬਣਦੀ ਮੁਰੰਤਮ ਕਰਾਉਣ ਲਈ ਵੀ ਕਿਹਾ ਤਾਂ ਜੋ ਕਿਸੇ ਅਣਸੁਖਾਂਵੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗਾਂ ਵੱਲੋਂ ਡਰੇਨਾਂ/ਨਾਲਿਆਂ ਆਦਿ ਦੀ ਸਫ਼ਾਈ, ਪੀਣ ਵਾਲੇ ਸਾਫ਼ ਪਾਣੀ, ਡਾਕਟਰਾਂ ਦੀਆਂ ਟੀਮਾਂ ਤੇ ਦਵਾਈਆਂ, ਪਸ਼ੂਆਂ ਲਈ ਦਵਾਈਆਂ ਅਤੇ ਚਾਰੇ ਦਾ ਪ੍ਰਬੰਧ, ਦੂਰ ਸੰਚਾਰ ਵਿਵਸਥਾ, ਬਿਜਲੀ ਨਿਰਵਿਘਨ ਅਤੇ ਸੁਰੱਖਿਆ ਸਪਲਾਈ, ਵਾਹਨਾਂ ਦੇ ਪ੍ਰਬੰਧ, ਵਾਇਰਲੈੱਸ ਸੈੱਟ ਲਗਾਉਣ, ਤੈਰਾਕ, ਕਿਸ਼ਤੀ ਚਾਲਕਾਂ ਅਤੇ ਗੋਤਾਖੋਰਾਂ ਦੀ ਸੂਚੀ ਆਦਿ ਦੇ ਪ੍ਰਬੰਧ ਪਹਿਲਾ ਹੀ ਮੁਕੰਮਲ ਕਰ ਲਏ ਜਾਣ।
ਇਸ ਮੌਕੇ ਨੈਸ਼ਨਲ ਹਾਈਵੇਅ ਦੇ ਨੁਮਾਇੰਦੇ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਚ ਪੈਂਦੇ ਬਰਸਾਤੀ ਨਿਕਾਸੀ ਨਾਲਿਆਂ (ਸਟੋਰਮ ਸੀਵਰ) ਦੀ ਸਾਫ਼ ਸਫਾਈ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਤਾਂ ਜੋ ਸੜ੍ਹਕਾਂ ਤੇ ਪਾਣੀ ਖੜ੍ਹਨ ਦੀ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ’ਤੇ ਜੇਕਰ ਪੁਲੀਆਂ ਬੰਦ ਹਨ, ਉਨ੍ਹਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ। ਮੌਨਸੂਨ ਸੀਜ਼ਨ ਦੌਰਾਨ ਹੰਗਾਮੀ ਹਾਲਾਤਾਂ ਨੂੰ ਨਜਿੱਠਣ ਲਈ ਪਿੰਡਾਂ ਸ਼ਹਿਰਾਂ ਵਿੱਚ ਉੱਚੇ ਸਥਾਨਾਂ ਦੀ ਸ਼ਨਾਖ਼ਤ ਵੀ ਕੀਤੇ ਜਾਵੇ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਠਹਿਰਾਉਣ ਦਾ ਵੀ ਉਚਿਤ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਭਾਗਾਂ ਨੂੰ ਜੋ ਵੀ ਡਿਊਟੀਆਂ ਸੌਪੀਆਂ ਗਈਆਂ ਹਨ, ਪੂਰੀ ਜ਼ਿੰਮੇਵਾਰੀ ਨਾਲ ਅਤੇ ਸਮੇਂ ਸਿਰ ਪੂਰੀਆ ਕੀਤੀਆ ਜਾਣ।
ਇਸ ਮੌਕੇ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏਡੀਸੀ (ਜਨਰਲ) ਗੀਤਿਕਾ ਸਿੰਘ, ਸਹਾਇਕ ਕਮਿਸ਼ਨਰ ਹਰਮਿੰਦਰ ਸਿੰਘ ਹੁੰਦਲ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…