Share on Facebook Share on Twitter Share on Google+ Share on Pinterest Share on Linkedin ਡੀਸੀ ਆਸ਼ਿਕਾ ਜੈਨ ਨੇ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਵੱਧ ਨਮੀ ਵਾਲੇ ਅਨਾਜ ਦਾ ਧਿਆਨ ਰੱਖਣ ਅਤੇ ਜਾਂਚ ਮੀਟਰਾਂ ਦਾ ਪ੍ਰਬੰਧ ਕਰਨ ’ਤੇ ਜ਼ੋਰ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਵੱਧ ਨਮੀ ਵਾਲੇ ਅਨਾਜ ਨੂੰ ਮੰਡੀਆਂ ਵਿੱਚੋਂ ਦੂਰ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਕਿਸਾਨ ਭਾਈਚਾਰੇ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਮੀ ਦੀ ਜ਼ਿਆਦਾ ਮਾਤਰਾ ਕਾਰਨ ਫ਼ਸਲ ਨੂੰ ਸੁੱਕਣ ਵਿੱਚ ਵਾਧੂ ਸਮਾਂ ਲੱਗੇਗਾ, ਜਿਸ ਕਾਰਨ ਅਨਾਜ ਮੰਡੀਆਂ ਵਿੱਚ ਭੀੜ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ, ਇਸ ਲਈ ਉਹ ਨਮੀ ਵਾਲੀ ਕਣਕ ਦਾਣਾ ਮੰਡੀਆਂ ਵਿੱਚ ਜਲਦਬਾਜ਼ੀ ਵਿੱਚ ਨਾ ਲਿਆਉਣ। ਉਨ੍ਹਾਂ ਕਿਹਾ ਕਿ ਹੁਣ ਤੱਕ ਬਨੂੜ, ਖਰੜ, ਲਾਲੜੂ ਅਤੇ ਡੇਰਾਬੱਸੀ ਮੰਡੀਆਂ ਵਿੱਚ ਕਣਕ ਦੀ ਆਮਦ ਹੋਈ ਹੈ ਪਰ ਨਮੀ ਦੀ ਮਾਤਰਾ ਜ਼ਿਆਦਾ ਹੈ ਜਿਸ ਕਾਰਨ ਖਰੀਦ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਮਾਪਦੰਡਾਂ ਦੇ ਅੰਦਰ ਹੀ ਅਨਾਜ ਖਰੀਦਣ ਲਈ ਪਾਬੰਦ ਹਨ, ਇਸ ਲਈ ਕਿਸਾਨਾਂ ਨੂੰ ਨਮੀ ਦੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਐਸਡੀਐਮਜ਼ ਨੂੰ ਐਂਟਰੀ ਪੁਆਇੰਟਾਂ ‘ਤੇ ਉਪਲਬਧ ਨਮੀ ਦੇ ਮੀਟਰ ਰੱਖਣ ਅਤੇ ਕਿਸਾਨਾਂ ਨੂੰ ਨਿਰਧਾਰਤ ਨਮੀ ਦੀ ਮਾਤਰਾ ਬਾਰੇ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਜ਼ਿਲ੍ਹੇ ਵਿੱਚ ਕਣਕ ਦੀ ਫ਼ਸਲ ਦੀ ਖ਼ਰੀਦ ਲਈ 17 ਖ਼ਰੀਦ ਕੇਂਦਰ ਹਨ। ਉਨ੍ਹਾਂ ਖਰੀਦ ਏਜੰਸੀਆਂ ਨੂੰ ਫੀਲਡ ਵਿੱਚ ਆਉਣ ਅਤੇ ਖਰੀਦ ਨੂੰ ਤੇਜ਼ ਕਰਨ ਲਈ ਵੀ ਕਿਹਾ। ਮੀਟਿੰਗ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਐਸਡੀਐਮ ਦੀਪਾਂਕਰ ਗਰਗ, ਡੀਐਫ਼ਐਸਸੀ ਵਿਜੈ ਸਿੰਗਲਾ, ਜਦਕਿ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸਡੀਐਮ ਖਰੜ ਗੁਰਮੰਦਰ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ ਅਤੇ ਏਜੰਸੀਆਂ ਦੇ ਡੀਐਮਜ਼ ਨੇ ਆਨਲਾਈਨ ਸ਼ਮੂਲੀਅਤ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ