Nabaz-e-punjab.com

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਨਕਲੀ ਦੁੱਧ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਇੱਕ ਵਫਦ ਵੱਲੋਂ ਮੇਹਰ ਸਿੰਘ ਥੇੜੀ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਮਿਲਕ ਪਲਾਂਟ ਮੁਹਾਲੀ ਦੇ ਜੀਐਮ ਊਧਮ ਸਿੰਘ ਅਤੇ ਮਿਲਕਫੈਡ ਪੰਜਾਬ ਦੇ ਐਮਡੀ ਮਨਜੀਤ ਸਿੰਘ ਬਰਾੜ ਨਾਲ ਵੱਖੋ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਗਈ ਅਤੇ ਦੋਵਾਂ ਅਧਿਕਾਰੀਆਂ ਤੋਂ ਹੀ ਮੰਗ ਕੀਤੀ ਗਈ ਕਿ ਮੁਹਾਲੀ ਸਮੇਤ ਪੂਰੇ ਪੰਜਾਬ ਵਿੱਚ ਹੀ ਨਕਲੀ ਦੁੱਧ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਵਫ਼ਦ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਅਸਲੀ ਦੁੱਧ ਦੇ ਨਾਲ ਨਾਲ ਨਕਲੀ ਦੁੱਧ ਵੀ ਵਿਕ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈਡ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਕਲੀ ਦੁਧ ਬਣਾਉਣ ਵਾਲਿਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ’ਚੋਂ ਨਕਲੀ ਦੁੱਧ ਦਾ ਧੰਦਾ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਮਿਲਕ ਪਲਾਂਟ ਵਿੱਚ ਦੁੱਧ ਪਾਉਂਦੇ ਹਨ, ਉਨ੍ਹਾਂ ਨੂੰ ਪਿਛਲੇ ਇਕ ਮਹੀਨੇ ਤੋਂ ਪੈਸੇ ਨਹੀਂ ਮਿਲੇ, ਜਦੋਂਕਿ ਪਹਿਲਾਂ ਹਰ ਦਸ ਦਿਨ ਬਾਅਦ ਹੀ ਪੈਸੇ ਮਿਲ ਜਾਂਦੇ ਸਨ ਪਰ ਹੁਣ ਇਕ ਮਹੀਨਾ ਬੀਤ ਗਿਆ ਹੈ ਪਰ ਕਿਸਾਨਾਂ ਨੂੰ ਦੁੱਧ ਦੇ ਪੈਸੇ ਨਹੀਂ ਦਿੱਤੇ ਜਾ ਰਹੇ।
ਉਹਨਾਂ ਕਿਹਾ ਕਿ ਦਿਨੋਂ ਦਿਨ ਮਹਿੰਗਾਈ ਬਹੁਤ ਵੱਧ ਗਈ ਹੈ ਅਤੇ ਹਰ ਚੀਜ ਹੀ ਮਹਿੰਗੀ ਹੋ ਗਈ ਹੈ ਅਤੇ ਪਾਲਤੂ ਪਸ਼ੂ ਪਾਲਣੇ ਬਹੁਤ ਮਹਿੰਗੇ ਪੈ ਰਹੇ ਹਨ। ਇਸ ਲਈ ਦੁੱਧ ਦੇ ਰੇਟ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੂੰ ਇਕ ਹਫਤੇ ਦੇ ਵਿੱਚ ਦੁੱਧ ਦੇ ਪੈਸੇ ਨਾ ਦਿੱਤੇ ਗਏ ਤਾਂ ਉਹਨਾਂ ਵਲੋੱ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਮੰਗਾਂ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਤਾ।
ਇਸ ਵਫਦ ਵਿੱਚ ਮਾਨ ਸਿੰਘ ਵਿੱਤ ਸਕੱਤਰ ਪੰਜਾਬ, ਸੁਰਿੰਦਰ ਸਿੰਘ ਲੌਹਾਰੀ ਜਨਰਲ ਸਕੱਤਰ ਜਿਲਾ ਫਤਹਿਗੜ੍ਹ ਸਾਹਿਬ, ਜਸਵੰਤ ਸਿੰਘ ਨਡਿਆਲੀ ਜਨਰਲ ਸਕੱਤਰ ਜਿਲ੍ਹਾ ਪਟਿਆਲਾ, ਹਰਜੀਤ ਸਿੰਘ ਬਹਿਲਪੁਰਾ ਮੀਤ ਪ੍ਰਧਾਨ ਜਿਲ੍ਹਾ ਪਟਿਆਲਾ, ਗੁਰਦੇਵ ਸਿੰਘ ਬਲਾਕ ਪ੍ਰਧਾਨ ਰਾਜਪੁਰਾ, ਬਲਜਿੰਦਰ ਸਿੰਘ ਭਜੌਲੀ ਬਲਾਕ ਪ੍ਰਧਾਨ ਮਾਜਰੀ, ਤਰਲੋਚਨ ਸਿੰਘ ਨਡਿਆਲੀ ਜਨਰਲ ਸਕੱਤਰ ਰਾਜਪੁਰਾ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…