ਗੁਰਦੁਆਰਾ ਅੰਬ ਸਾਹਿਬ ਵਿਖੇ ਸੇਵਾ ਕਰਨ ਜਾ ਰਹੇ ਬਜ਼ੁਰਗ ਨੂੰ ਤੇਜ ਰਫ਼ਤਾਰ ਕਾਰ ਨੇ ਦਰੜਿਆ

300 ਮੀਟਰ ਤੱਕ ਘੜੀਸ ਕੇ ਲੈ ਗਈ ਹਾਦਸਾਗ੍ਰਸਤ ਕਾਰ

ਹਾਦਸੇ ਤੋਂ ਬਾਅਦ ਕਾਰ ਸਵਾਰ ਨੌਜਵਾਨ ਗੱਡੀ ਵਿੱਚ ਕੁੜੀਆਂ ਨੂੰ ਛੱਡ ਕੇ ਹੋਏ ਫ਼ਰਾਰ

ਐਸ.ਏ.ਐਸ. ਨਗਰ (ਮੁਹਾਲੀ), 3 ਅਗਸਤ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਰੋਜ਼ਾਨਾ ਵਾਂਗ ਸੇਵਾ ਕਰਨ ਲਈ ਜਾ ਰਹੇ ਬਜ਼ੁਰਗ ਨੂੰ ਇੱਕ ਤੇਜ਼ ਰਫ਼ਤਾਰ ਬਰੀਜਾ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਗੱਡੀ ਰੋਕਣ ਦੀ ਥਾਂ ਰਫ਼ਤਾਰ ਹੋਰ ਤੇਜ਼ ਕਰਕੇ ਕਾਰ ਭਜਾ ਲਈ। ਇਸ ਤਰ੍ਹਾਂ ਤੇਜ ਰਫ਼ਤਾਰ ਕਾਰ ਲਗਪਗ 300 ਮੀਟਰ ਦੂਰੀ ਤੱਕ ਬਜ਼ੁਰਗ ਨੂੰ ਘਸੀਟ ਕੇ ਲੈ ਗਈ। ਜਿਸ ਕਾਰਨ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੱਥੋਂ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਤੜਕੇ ਕਰੀਬ ਤਿੰਨ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਅਚਾਨਕ ਸੜਕ ’ਤੇ ਕਾਰ ਬੰਦ ਹੋ ਗਈ ਅਤੇ ਕਾਰ ਵਿੱਚ ਸਵਾਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਗਿਆ ਹੈ ਕਿ ਹਾਦਸਾ ਕਾਰ ਵਿੱਚ ਚਾਰ ਨੌਜਵਾਨ ਕੁੜੀਆਂ ਵੀ ਸਵਾਰ ਸਨ। ਜਿਨ੍ਹਾਂ ਨੂੰ ਮੌਕੇ ’ਤੇ ਪਹੁੰਚੇ ਲੋਕਾਂ ਨੇ ਪੁਲੀਸ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਨੌਜਵਾਨ ਮੁੰਡੇ-ਕੁੜੀਆਂ ਦੇਰ ਰਾਤ ਤੱਕ ਮੌਜ ਮਸਤੀ ਕਰਨ ਉਪਰੰਤ ਗੇੜੀ ਰੂਟ ’ਤੇ ਸਨ ਕਿ ਫੇਜ਼-7 ਲਾਲ ਬੱਤੀ ਚੌਕ ਨੇੜੇ ਅਚਾਨਕ ਕਾਰ ਬੇਕਾਬੂ ਹੋ ਕੇ ਬਜ਼ੁਰਗ ਦੇ ਐਕਟਿਵਾ ਨਾਲ ਜਾ ਟਕਰਾਈ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਕਾਰ ਬਹੁਤ ਤੇਜ਼ ਸੀ ਅਤੇ ਬਜ਼ੁਰਗ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਬਜ਼ੁਰਗ ਨੂੰ ਕਾਫ਼ੀ ਦੂਰ ਤੱਕ ਘੜੀਸਦਾ ਲੈ ਗਿਆ। ਲੋਕਾਂ ਵੱਲੋਂ ਰੌਲਾ ਪਾਉਣ ’ਤੇ ਵੀ ਚਾਲਕ ਲੇ ਕਾਰ ਨਹੀਂ ਰੋਕੀ ਪ੍ਰੰਤੂ ਅੱਗੇ ਜਾ ਕੇ ਕਾਰ ਅਚਾਨਕ ਬੰਦ ਹੋ ਗਈ। ਜਦੋਂ ਲੋਕਾਂ ਨੇ ਭੱਜ ਕੇ ਕਾਰ ਸਵਾਰ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਭਰਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਸਿੱਖਿਆ ਬੋਰਡ ਦੇ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਅਗਲੇ ਸਾਲ ਸੇਵਾਮੁਕਤ ਹੋਣਾ ਸੀ। ਰਣਜੀਤ ਸਿੰਘ ਰੋਜ਼ਾਨਾ ਸਵੇਰੇ ਤੜਕੇ ਸੇਵਾ ਕਰਨ ਲਈ ਗੁਰਦੁਆਰਾ ਅੰਬ ਸਾਹਿਬ ਜਾਂਦਾ ਸੀ। ਅੱਜ ਵੀ ਉਹ ਸੇਵਾ ਕਰਨ ਲਈ ਘਰੋਂ ਗਿਆ ਸੀ ਪ੍ਰੰਤੂ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਨੂੰ ਕਿਸੇ ਦਾ ਫੋਨ ’ਤੇ ਦੁਰਘਟਨਾ ਬਾਰੇ ਦੱਸਿਆ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਰਣਜੀਤ ਸਿੰਘ ਕਾਰ ਦੇ ਥੱਲੇ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਇਸ ਦੌਰਾਨ ਲੋਕਾਂ ਨੇ ਰੋਸ ਜਾਹਰ ਕੀਤਾ ਕਿ ਹਾਦਸੇ ਤੋਂ ਦੋ ਘੰਟੇ ਬਾਅਦ ਤੱਕ ਮ੍ਰਿਤਕ ਦੀ ਲਾਸ਼ ਸੜਕ ’ਤੇ ਪਈ ਰਹੀ। ਮੌਕੇ ’ਤੇ ਨਾ ਕੋਈ ਐਂਬੂਲੈਂਸ ਆਈ ਅਤੇ ਨਾ ਹੀ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਾਰ ਚਾਲਕ ਜਸਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਕਾਰ ਵਿੱਚ ਸਵਾਰ ਕੁੜੀਆਂ ਬਾਰੇ ਥਾਣਾ ਮੁਖੀ ਨੇ ਦੱਸਿਆ ਕਿ ਕੁੜੀਆਂ ਅਨੁਸਾਰ ਉਹ ਸਾਰੇ ਕਿਸੇ ਜਨਮ ਦਿਨ ਦੀ ਪਾਰਟੀ ਤੋਂ ਆਏ ਸਨ ਅਤੇ ਕੁੜੀਆਂ ਪਿਛਲੀ ਸੀਟ ’ਤੇ ਬੈਠੀਆਂ ਸਨ। ਪੁਲੀਸ ਨੇ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…