ਮੁਹਾਲੀ ਏਅਰਪੋਰਟ ਚੌਕ ’ਤੇ ਟਰੱਕ ਨੇ ਕਿਸਾਨ ਨੂੰ ਕੁਚਲਿਆ, ਸੜਕ ’ਤੇ ਅੱਧਾ ਘੰਟਾ ਤੜਫ਼ਦਾ ਰਿਹਾ ਕਿਸਾਨ

ਪਿੰਡ ਬਾਕਰਪੁਰ ਤੋਂ ਖੇੜਾ ਗੱਜੂ ਵਿੱਚ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਜਾ ਰਿਹਾ ਸੀ ਕਿਸਾਨ ਬਲਵਿੰਦਰ ਸਿੰਘ

ਏਅਰਪੋਰਟ ਚੌਕ ’ਤੇ ਬੀਟ ਬਾਕਸ ਵਿੱਚ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ’ਤੇ ਲਾਏ ਲਾਪਰਵਾਹੀ ਦੇ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 3 ਅਗਸਤ:
ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਗੋਲ ਚੌਕ ਉੱਤੇ ਅੱਜ ਵਾਪਰੇ ਸੜਕ ਹਾਦਸੇ ਵਿੱਚ ਕਿਸਾਨ ਬਲਵਿੰਦਰ ਸਿੰਘ (42) ਦੀ ਮੌਤ ਹੋ ਗਈ। ਉਹ ਪਿੰਡ ਬਾਕਰਪੁਰ ਤੋਂ ਖੇੜਾ ਗੱਜੂ ਸਥਿਤ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਜਾ ਰਿਹਾ ਸੀ, ਜਦੋਂ ਉਹ ਏਅਰਪੋਰਟ ਚੌਕ ਨੇੜੇ ਪਹੁੰਚਿਆ ਤਾਂ ਜ਼ੀਰਕਪੁਰ-ਪਟਿਆਲਾ ਹਾਈਵੇਅ ਵਾਲੇ ਪਾਸਿਓਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖ਼ਮੀ ਕਿਸਾਨ ਕਰੀਬ ਅੱਧਾ ਘੰਟਾ ਸੜਕ ਉੱਤੇ ਹੀ ਤੜਫ਼ਦਾ ਰਿਹਾ। ਉਨ੍ਹਾਂ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਦੱਸਿਆ ਕਿ ਹਾਲਾਂਕਿ ਚੌਕ ਨੇੜੇ ਬੀਟ ਬਾਕਸ ਵਿੱਚ ਪੁਲੀਸ ਕਰਮਚਾਰੀ ਵੀ ਤਾਇਨਾਤ ਸਨ ਪ੍ਰੰਤੂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਨੂੰ ਸੰਭਾਲਣ ਦਾ ਯਤਨ ਨਹੀਂ ਕੀਤਾ। ਜਿਸ ਕਾਰਨ ਐਰੋਸਿਟੀ ਦੇ ਵਸਨੀਕਾਂ ਨੇ ਬੀਟ ਡਿਊਟੀ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਇਸ ਦੌਰਾਨ ਕਿਸੇ ਰਾਹਗੀਰ ਨੇ ਕਿਸਾਨ ਬਲਵਿੰਦਰ ਸਿੰਘ ਦੇ ਘਰਦਿਆਂ ਨੂੰ ਹਾਦਸੇ ਬਾਰੇ ਇਤਲਾਹ ਦਿੱਤੀ ਤਾਂ ਪਰਿਵਾਰਕ ਮੈਂਬਰ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਬਲਵਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਿਸ਼ਤੇਦਾਰਾਂ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 9 ਵਜੇ ਵਾਪਰੀ ਸੀ ਲੇਕਿਨ ਪੁਲੀਸ ਸ਼ਾਮ ਨੂੰ ਸਾਢੇ 4 ਵਜੇ ਤੱਕ ਕਾਰਵਾਈ ਸਬੰਧੀ ਲੋੜੀਂਦੇ ਦਸਤਾਵੇਜ ਲੈ ਕੇ ਹਸਪਤਾਲ ਨਹੀਂ ਪਹੁੰਚੇ। ਡੀਐਸਪੀ ਹਰਸਿਮਰਨ ਸਿੰਘ ਬੱਲ ਦੇ ਨਿੱਜੀ ਦਖ਼ਲ ਤੋਂ ਬਾਅਦ ਪੁਲੀਸ ਕਰਮਚਾਰੀ ਹਸਪਤਾਲ ਪਹੁੰਚੇ। ਇਸ ਮਗਰੋਂ ਡਾਕਟਰਾਂ ਨੇ ਪੋਸਟਮਾਰਟ ਕਰਕੇ ਲਾਸ਼ ਵਾਰਸਾਂ ਹਵਾਲੇ ਕੀਤੀ।
ਪਰਿਵਾਰ ਦੀ ਸੂਚਨਾ ’ਤੇ ਐਰੋਸਿਟੀ ਥਾਣੇ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਟਰੱਕ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬਾਅਦ ਵਿੱਚ ਪੁਲੀਸ ਨੇ ਹਾਦਸਾ ਗ੍ਰਸਤ ਵਾਹਨਾਂ ਮ੍ਰਿਤਕ ਕਿਸਾਨ ਦਾ ਮੋਟਰ ਸਾਈਕਲ ਅਤੇ ਟਰੱਕ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਸ਼ਾਮ ਨੂੰ ਕਿਸਾਨ ਦਾ ਅੰਤਿਮ ਸਸਕਾਰ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…