ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕਰੇ ਪ੍ਰਸ਼ਾਸਨ: ਬੀਬੀ ਗਰਚਾ

ਬੀਬੀ ਗਰਚਾ ਨੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ, ਖੇਤਾਂ ’ਚੋਂ ਲੰਘਦੀਆਂ ਢਿੱਲੀਆਂ ਤਾਰਾਂ ਕੱਸਣ ਦੀ ਮੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਪਰੈਲ:
ਹਾੜ੍ਹੀ ਦੇ ਇਸ ਸੀਜ਼ਨ ਵਿੱਚ ਹਲਕਾ ਖਰੜ ਦੇ ਮਾਜਰੀ ਬਲਾਕ ਅਧੀਨ ਆਉਂਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਕਿਸੇ ਨਾ ਕਿਸੇ ਕਾਰਨ ਅੱਗ ਦੀਆਂ ਵਾਪਰ ਰਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਕੁਰਾਲੀ ਜਾਂ ਮਾਜਰੀ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਖੜ੍ਹੀ ਕਰਨ ਦੇ ਆਰਜ਼ੀ ਪ੍ਰਬੰਧ ਕੀਤੇ ਜਾਣ। ਇਹ ਮੰਗ ਮੁੱਖ ਮੰਤਰੀ ਪੰਜਾਬ ਦੀ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਲਿਖੇ ਇੱਕ ਪੱਤਰ ਵਿੱਚ ਉਠਾਈ ਹੈ। ਗਰਚਾ ਨੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਬਲਾਕ ਮਾਜਰੀ ਅਤੇ ਹੋਰ ਆਲੇ ਦੁਆਲੇ ਦੇ ਸਾਰੇ ਖੇਤਰਾਂ ਵਿੱਚ ਕਣਕ ਦੀ ਫਸਲ ਪੱਕੀ ਹੋਈ ਹੈ ਅਤੇ ਕਟਾਈ ਲਈ ਤਿਆਰ ਖੜ੍ਹੀ ਹੈ। ਖੇਤਾਂ ਵਿੱਚੋਂ ਬਿਜਲੀ ਦੀਆਂ ਲੰਘਦੀਆਂ ਤਾਰਾਂ ਦੇ ਸ਼ਾਰਟ ਸਰਕਟ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪ੍ਰੰਤੂ ਮੌਕੇ ’ਤੇ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਕੋਈ ਵੀ ਬਚਾਅ ਨਹੀ ਹੋ ਪਾ ਰਿਹਾ ਹੈ।
ਦੱਸਣਯੋਗ ਹੈ ਕਿ ਬਲਾਕ ਮਾਜਰੀ ਨੂੰ ਫਾਇਰ ਬ੍ਰਿਗੇਡ ਸਟੇਸ਼ਨ ਮੋਹਾਲੀ ਲੱਗਦਾ ਹੈ। ਮੋਹਾਲੀ ਤੋਂ ਬਲਾਕ ਮਾਜਰੀ ਪਹੁੰਚਣ ਲਈ ਕਰੀਬ ਡੇਢ ਘੰਟੇ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਹੈ। ਬਲੌਂਗੀ ਖਰੜ ਕੁਰਾਲੀ ਹਾਈਵੇ ’ਤੇ ਬਣ ਰਹੇ ਫਲਾਈਓਵਰ ਜਾਂ ਫ਼ੋਰਲੇਨ ਕਾਰਨ ਹਰ ਸਮੇਂ ਸੜਕ ’ਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਜਦੋਂ ਤੱਕ ਮਾਜਰੀ ਖੇਤਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਦੀ ਹਾਂ ਤਾਂ ਉਦੋਂ ਤੱਕ ਉਸ ਸਬੰਧਿਤ ਕਿਸਾਨ ਦੀ ਸਾਲ ਭਰ ਦੀ ਕਮਾਈ ਅਤੇ ਮਿਹਨਤ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਨਾਲ।ਜਿੱਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੂੰਦਾ ਹੈ ਉੱਥੇ ਹੀ ਵਾਤਾਵਰਣ ’ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਗਰਚਾ ਨੇ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦੀਆਂ ਘੱਟੋ ਘੱਟ ਦੋ ਜਾਂ ਤਿੰਨ ਗੱਡੀਆਂ ਬਲਾਕ ਮਾਜਰੀ ਜਾਂ ਕੁਰਾਲੀ ਵਿਖੇ ਆਰਜ਼ੀ ਤੌਰ ’ਤੇ ਖੜ੍ਹੀਆਂ ਕੀਤੀਆਂ ਜਾਣ, ਤਾਂ ਜੋ ਕਿਸੇ ਵੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਸਮੇਂ ਇਹ ਸਮੇਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਸਕਣ ਅਤੇ ਕਿਸੇ ਹੋਰ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਇਸ ਕੰਮ ਨਾਲ ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ’ਤੇ ਕੋਈ ਮਾਲੀ ਬੋਝ ਨਹੀਂ ਵਧੇਗਾ ਪ੍ਰੰਤੂ ਪੱਕੀ ਹੋਈ ਫ਼ਸਲ ਵਾਲੇ ਕਿਸਾਨ ਵਰਗ ਨੂੰ ਕਾਫ਼ੀ ਰਾਹਤ ਮਿਲ ਸਕੇਗੀ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…