‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਮੈਕਸ ਹਸਪਤਾਲ ਨੂੰ ਸਰਕਾਰੀ ਜ਼ਮੀਨ ਦੇਣ ਦਾ ਮੁੱਦਾ ਚੁੱਕਿਆ

ਹਸਪਤਾਲ ਕੋਲੋਂ ਪੰਜਾਬ ਸਰਕਾਰ ਨੂੰ ਮਿਲੇ 138 ਕਰੋੜ ਰੁਪਏ ਕਿੱਥੇ ਗਏ?: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਮੁਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਥਾਨਕ ਮੈਕਸ ਹਸਪਤਾਲ ਨੂੰ ਸਰਕਾਰੀ ਜ਼ਮੀਨ ਦੇਣ ਦਾ ਮੁੱਦਾ ਚੁੱਕਦਿਆਂ ਸਿਹਤ ਮੰਤਰੀ ਤੋਂ ਪੁੱਛਿਆ ਕਿ ਮੈਕਸ ਹਸਪਤਾਲ ਤੋਂ ਪੰਜਾਬ ਸਰਕਾਰ ਨੂੰ ਮਿਲੇ 138 ਕਰੋੜ ਰੁਪਏ ਕਿੱਥੇ ਖ਼ਰਚੇ ਗਏ ਹਨ? ਉਨ੍ਹਾਂ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕੀ ਪੰਜਾਬ ਸਰਕਾਰ ਨੂੰ ਹਸਪਤਾਲ ਕੋਲੋਂ ਮਿਲੇ ਕਰੋੜਾਂ ਰੁਪਏ ਗਰੀਬ ਲੋਕਾਂ ਨੂੰ ਸਹੂਲਤਾਂ ਦੇਣ ਲਈ ਖ਼ਰਚੇ ਗਏ ਹਨ ਜਾਂ ਨਹੀਂ? ਜੇ ਖ਼ਰਚੇ ਗਏ ਹਨ ਤਾਂ ਕਿੱਥੇ ਖ਼ਰਚੇ ਹਨ, ਬਾਰੇ ਵਿਸਥਾਰ ਨਾਲ ਦੱਸਿਆ ਜਾਵੇ। ਸਿਆਸੀ ਹਲਕਿਆਂ ਅਨੁਸਾਰ ਹਾਲਾਂਕਿ ਇਹ ਸਵਾਲ ਵਿਰੋਧੀ ਧਿਰ ਦੇ ਕਿਸੇ ਮੈਂਬਰ ਵੱਲੋਂ ਚੁੱਕਿਆ ਜਾਣਾ ਬਣਦਾ ਸੀ ਪ੍ਰੰਤੂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਬੜੀ ਦਲੇਰੀ ਦਿਖਾਉਂਦਿਆਂ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਤੋਂ ਜਵਾਬਤਲਬੀ ਕੀਤੀ ਗਈ। ਜਿਸ ਦੀ ਚੁਫੇਰਿਓਂ ਸ਼ਲਾਘਾ ਕੀਤੀ ਗਈ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਨੂੰ ਸਵਾਲ ਕੀਤਾ ਕਿ ਸੂਬਾ ਸਰਕਾਰ ਵੱਲੋਂ ਮੈਕਸ ਹਸਪਤਾਲ ਫੇਜ਼-6 ਨੂੰ ਹਸਪਤਾਲ ਦੀ ਉਸਾਰੀ ਲਈ ਸਰਕਾਰੀ ਹਸਪਤਾਲ ਦੀ ਜ਼ਮੀਨ ਦਾ ਵੱਡਾ ਹਿੱਸਾ ਸ਼ਰਤਾਂ ’ਤੇ ਦਿੱਤਾ ਗਿਆ ਸੀ, ਜਿਵੇਂ ਕਿ ਪ੍ਰਾਈਵੇਟ ਹਸਪਤਾਲ ਚਾਲੂ ਹੋਣ ਉਪਰੰਤ ਹਸਪਤਾਲ ਨੂੰ ਮਰੀਜ਼ਾਂ ਜਾਂ ਹੋਰ ਵਸੀਲਿਆਂ ਤੋਂ ਪ੍ਰਾਪਤ ਹੋਣ ਵਾਲੀ ਕੁੱਲ ਰਾਸ਼ੀ ਦਾ ਕੁੱਝ ਹਿੱਸਾ ਸਰਕਾਰ ਨੂੰ ਦੇਣਾ ਸੀ ਅਤੇ ਗ਼ਰੀਬ ਲੋਕਾਂ ਦਾ ਮੁਫ਼ਤ ਜਾਂ ਬਹੁਤ ਘੱਟ ਕੀਮਤ ’ਤੇ ਇਲਾਜ ਕੀਤਾ ਜਾਣਾ ਸੀ, ਕੀ ਮੈਕਸ ਹਸਪਤਾਲ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ?
ਉਨ੍ਹਾਂ ਪੁੱਛਿਆ ਕੀ ਸ਼ਰਤਾਂ ਮੁਤਾਬਕ ਹਸਪਤਾਲ ਵੱਲੋਂ ਬਣਦੀ ਰਾਸ਼ੀ ਸਰਕਾਰ ਕੋਲ ਜਮ੍ਹਾ ਕਰਵਾਈ ਜਾ ਰਹੀ ਹੈ। ਜੇਕਰ ਜਮ੍ਹਾ ਕਰਵਾਈ ਗਈ ਹੈ ਤਾਂ ਹੁਣ ਤੱਕ ਕਿੰਨੀ ਰਾਸ਼ੀ ਸਰਕਾਰ ਨੂੰ ਪ੍ਰਾਪਤ ਹੋਈ ਹੈ ਅਤੇ ਉਹ ਪੈਸਾ ਗਰੀਬ ਲੋਕਾਂ ਲਈ ਮੁਫ਼ਤ ਇਲਾਜ ਅਤੇ ਹੋਰ ਸਹੂਲਤਾਂ ਲਈ ਖ਼ਰਚਿਆਂ ਜਾ ਰਿਹਾ ਹੈ ਜਾਂ ਇਸ ਪੈਸੇ ਦੀ ਕਿਤੇ ਹੋਰ ਵਰਤੋਂ ਕੀਤੀ ਜਾ ਰਹੀ ਹੈ। ਇਸ ਬਾਰੇ ਸਿਹਤ ਮੰਤਰੀ ਨੂੰ ਵੇਰਵੇ ਸਾਂਝੇ ਕਰਨ ਲਈ ਕਿਹਾ ਗਿਆ।
ਉਧਰ, ਵਿਧਾਇਕ ਕੁਲਵੰਤ ਸਿੰਘ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਕਸ ਹਸਪਤਾਲ ਵੱਲੋਂ 138 ਕਰੋੜ ਰੁਪਏ ਦਿੱਤੇ ਗਏ ਹਨ। ਇਸ ਪੈਸੇ ਦੀ ਵਰਤੋਂ ਸਬੰਧੀ ਪ੍ਰਿੰਸੀਪਲ ਐਂਡ ਹੈਲਥ ਵੈੱਲਫੇਅਰ ਅਧੀਨ ਇੱਕ ਕਮੇਟੀ ਬਣਾਈ ਗਈ ਹੈ। ਇਸ ਪੈਸੇ ਦੀ ਵਰਤੋਂ ਸਰਕਾਰੀ ਹਸਪਤਾਲਾਂ ਦੀ ਮੁਰੰਮਤ, ਦਵਾਈਆਂ, ਹਸਪਤਾਲ ਦੇ ਲੰਬਿਤ ਪਏ ਬਿਜਲੀ ਦੇ ਬਿੱਲ ਦੀ ਅਦਾਇਗੀ ਕੀਤੀ ਗਈ ਹੈ, ਇਸ ’ਚੋਂ 13 ਕਰੋੜ 24 ਲੱਖ ਖ਼ਰਚਿਆਂ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹੋਰ ਵੱਖ-ਵੱਖ ਥਾਵਾਂ ’ਤੇ ਹਸਪਤਾਲ ਦੀ ਉਸਾਰੀ, ਮੁਰੰਮਤ, ਦਵਾਈਆਂ ਲਈ ਖ਼ਰਚ ਕੀਤੇ ਜਾਂਦੇ ਹਨ। ਨਾਲ ਹੀ ਮੁਹਾਲੀ ਦੇ ਹੈਲਥ ਯੂਨਿਟ, ਹਸਪਤਾਲ ਸਮੇਤ ਜਿੱਥੇ ਵੀ ਲੋੜ ਹੁੰਦੀ ਹੈ, ਉੱਥੇ ਪੈਸਾ ਖ਼ਰਚਿਆਂ ਜਾਂਦਾ ਹੈ। ਮੰਤਰੀ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਪੂਰੇ ਵੇਰਵੇ ਵਿਧਾਇਕ ਕੁਲਵੰਤ ਸਿੰਘ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…