ਪੱਕਾ ਮੋਰਚਾ: ਐੱਸਐੱਸਪੀ ਦਫ਼ਤਰ ਦੇ ਘਿਰਾਓ ਤੋਂ ਪਹਿਲਾਂ ਹੀ ਪੁਲੀਸ ਨੂੰ ਪਸੀਨਾ ਆਇਆ

ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਮੌਕੇ ’ਤੇ ਇਨਸਾਫ਼ ਦੇਣ ਦਾ ਭਰੋਸਾ ਦੇ ਕੇ ਕੀਤਾ ਸ਼ਾਂਤ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਐਸਸੀ\ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਅਤੇ ਹੋਰ ਲਾਭ ਹਾਸਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਥੋਂ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਪਿਛਲੇ 77 ਦਿਨਾਂ ਤੋਂ ਲੜੀਵਾਰ ਧਰਨਾ ਜਾਰੀ ਹੈ। ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਬੈਨਰ ਹੇਠ ਵੱਖ-ਵੱਖ ਦਲਿਤ ਸੰਗਠਨਾਂ ਵੱਲੋਂ ਬਲਵਿੰਦਰ ਸਿੰਘ ਕੁੰਭੜਾ ਅਤੇ ਉਸ ਦੀ ਪਤਨੀ ਬੀਬੀ ਗੁਰਨਾਮ ਕੌਰ ਖ਼ਿਲਾਫ਼ ਦਰਜ ਪਰਚਾ ਕਰਨ ਵਿਰੁੱਧ ਅੱਜ ਮੁਹਾਲੀ ਦੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਕੀਤਾ ਜਾਣਾ ਸੀ ਪ੍ਰੰਤੂ ਐਨ ਮੌਕੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਉੱਥੇ ਪਹੁੰਚ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।
ਆਗੂਆਂ ਨੇ ਦੱਸਿਆ ਕਿ ਬੀਤੀ 28 ਫਰਵਰੀ ਨੂੰ ਦਲਿਤ ਸੰਗਠਨਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਲੇਕਿਨ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਪੁਲੀਸ ਵੱਲੋਂ ਬਲਵਿੰਦਰ ਕੁੰਭੜਾ ਅਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਉਹ ਸਰਕਾਰ ਦੀਆਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸਬੰਧੀ ਡੀਜੀਪੀ, ਏਡੀਜੀਪੀ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ ਨੂੰ ਅਨੇਕਾਂ ਦਰਖ਼ਾਸਤਾਂ ਦੇ ਚੁੱਕੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਬੀਤੀ 5 ਮਾਰਚ ਨੂੰ ਹਲਕਾ ਕੋਟ ਫੱਤਾ ਦੇ ‘ਆਪ’ ਵਿਧਾਇਕ ਅਮਿਤ ਰਤਨ ਨੇ ਵੀ ਬਜਟ ਸੈਸ਼ਨ ਦੌਰਾਨ ਇਹ ਮੁੱਦਾ ਚੁੱਕਿਆ ਸੀ। ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਜਾਅਲੀ ਐਸਸੀ\ਬੀਸੀ ਸਰਟੀਫਿਕੇਟ ਬਣਾਉਣ ਵਾਲਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਵਿਆਜ ਸਮੇਤ ਤਨਖ਼ਾਹ ਵਸੂਲੀ ਜਾਵੇਗੀ ਅਤੇ ਪਰਚੇ ਦਰਜ ਕੀਤੇ ਜਾਣਗੇ। ਇਸੇ ਦੌਰਾਨ ਡੀਐਸਪੀ ਬੱਲ ਨੂੰ ਬਲਵਿੰਦਰ ਸਿੰਘ ਕੁੰਭੜਾ ਸਮੇਤ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਸੋਨੀਆ ਰਾਣੀ, ਸੁਨੀਤਾ ਸ਼ਰਮਾ, ਨਿਰਮਲ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਵੱਖਵੱਖ ਥਾਣਿਆਂ ਵਿੱਚ ਪੈਂਡਿੰਗ ਮੁਕੱਦਮਿਆਂ ਦੇ ਹੱਲ ਲਈ ਸਾਂਝਾ ਮੰਗ ਪੱਤਰ ਦਿੱਤਾ।
ਇਸ ਮੌਕੇ ਬਲਜੀਤ ਸਿੰਘ ਕਕਰਾਲੀ, ਅਜੈਬ ਸਿੰਘ ਬਠੋਈ, ਅਵਤਾਰ ਸਿੰਘ ਸੈਂਪਲਾਂ, ਲਖਵੀਰ ਸਿੰਘ ਬੌਬੀ, ਪ੍ਰਵੀਨ ਟਾਂਕ, ਸਿਮਰਨਜੀਤ ਸਿੰਘ ਸ਼ੈਕੀ, ਬਲਵਿੰਦਰ ਸਿੰਘ ਗਿੱਲ, ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਬਨਵਾਰੀ ਲਾਲ, ਪ੍ਰਧਾਨ ਦੌਲਤ ਰਾਮ, ਵਿਕਰਮ ਸਿੰਘ, ਮਨਦੀਪ ਸਿੰਘ, ਮੁਖ਼ਤਿਆਰ ਸਿੰਘ ਕਕਰਾਲਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਸੈਂਪਲਾਂ, ਮਨਦੀਪ ਸਿੰਘ, ਨਛੱਤਰ ਸਿੰਘ, ਪ੍ਰਧਾਨ ਦੌਲਤ ਰਾਮ, ਸਾਜਨ ਕੁਮਾਰ, ਅਮੀ ਚੰਦ, ਸੋਨੂੰ ਕੁਮਾਰ, ਸਾਬਕਾ ਬਲਾਕ ਸਮਿਤੀ ਮੈਂਬਰ ਗੁਰਨਾਮ ਕੌਰ, ਸਮਰਨਜੀਤ ਕੌਰ ਬਡਾਲਾ, ਸੁਨੀਤਾ ਦੇਵੀ, ਕਮਲੇਸ਼, ਹਰਮਨਪ੍ਰੀਤ ਕੌਰ, ਹਰਮਨਦੀਪ ਸਿੰਘ, ਸੁਰਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…