ਮਿਡ-ਡੇਅ-ਮੀਲ ਕੁੱਕ ਬੀਬੀਆਂ ਨਿਰਾਸ਼ ਘਰਾਂ ਨੂੰ ਪਰਤੀਆਂ, ਕੋਈ ਮੰਤਰੀ ਨਹੀਂ ਬਹੁੜਿਆ

10 ਮਾਰਚ ਨੂੰ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਡੈਮੋਕ੍ਰੇਟਿਕ ਮਿਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਇਨਸਾਫ਼ ਮਿਲਣ ਦੀ ਉਮੀਦ ਵਿੱਚ ਸਰਕਾਰ ਦੇ ਸੱਦੇ ’ਤੇ ਪੰਜਾਬ ਭਵਨ ਪਹੁੰਚੀਆਂ ਕੁੱਕ ਬੀਬੀਆਂ ਖਾਲੀ ਹੱਥ ਘਰਾਂ ਨੂੰ ਪਰਤੀਆਂ। 10 ਮਾਰਚ ਨੂੰ ਮੁਹਾਲੀ ਵਿੱਚ ਕੀਤੇ ਜਾਣ ਵਾਲੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੁੱਕ ਬੀਬੀਆਂ ਨੂੰ ਬੀਤੇ ਦਿਨੀਂ ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨਾਲ ਪੈਨਲ ਮੀਟਿੰਗ ਲਈ ਸੱਦਿਆ ਗਿਆ ਸੀ ਲੇਕਿਨ ਵਿੱਤ ਮੰਤਰੀ ਸਮੇਤ ਕੋਈ ਕਮੇਟੀ ਮੈਂਬਰ ਮੀਟਿੰਗ ਵਿੱਚ ਨਹੀਂ ਆਇਆ। ਜਿਸ ਕਾਰਨ ਉਹ ਸਾਰਾ ਦਿਨ ਖੱਜਲ-ਖੁਆਰ ਹੋਈਆਂ ਅਤੇ ਸ਼ਾਮ ਨੂੰ ਨਿਰਾਸ਼ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤਣਾ ਪਿਆ। ਸਰਕਾਰੀ ਅਣਦੇਖੀ ਕਾਰਨ ਕੁੱਕ ਬੀਬੀਆਂ ਵਿੱਚ ਭਾਰੀ ਰੋਸ ਹੈ।
ਅੱਜ ਇੱਥੇ ਆਪਬੀਤੀ ਦੱਸਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਦੱਸਿਆ ਕਿ ਕੁੱਕ ਫਰੰਟ ਵੱਲੋਂ 10 ਮਾਰਚ ਨੂੰ ਮੁਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਪਰ ਸਰਕਾਰ ਨੇ ਉਸ ਨੂੰ ਤਾਰਪੀਡੋ ਕਰਨ ਲਈ ਉਨ੍ਹਾਂ ਨੂੰ ਪੰਜਾਬ ਭਵਨ ਮੀਟਿੰਗ ਲਈ 6 ਮਾਰਚ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਨੂੰ ਸਾਰਾ ਦਿਨ ਬਿਠਾ ਕੇ ਰੱਖਿਆ ਗਿਆ ਪ੍ਰੰਤੂ ਕੋਈ ਵੀ ਮੰਤਰੀ ਨਹੀਂ ਬਹੁੜਿਆ। ਹਾਲਾਂਕਿ ਡੀਜੀਐਸਈ ਵਿਨੈ ਬਬਲਾਨੀ ਨੇ ਆਗੂਆਂ ਨੂੰ ਗੱਲੀਬਾਤੀ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਕੰਢੇ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਸਰਕਾਰ ਅੌਰਤਾਂ ਨੂੰ ਸਮਾਜ ਵਿੱਚ ਬਰਾਬਰ ਦੇ ਹੱਕ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਭਲਕੇ 8 ਮਾਰਚ ਨੂੰ ਪੰਜਾਬ ਭਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਪ੍ਰੰਤੂ ਮਹਿਲਾਵਾਂ ਨੂੰ ਆਪਣੇ ਹੱਕਾਂ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।
ਸੁਖਜੀਤ ਕੌਰ ਲਚਕਾਣੀ ਅਤੇ ਸਿਮਰਨਜੀਤ ਕੌਰ ਅਜਨੋਦਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਿਡ-ਡੇਅ-ਮੀਲ ਕੁੱਕ ਨੂੰ 7500 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ, ਜਦੋਂਕਿ ਪੰਜਾਬ ਵਿੱਚ ਮਹਿਜ਼ 3000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕੁੱਕ ਬੀਬੀਆਂ ਨੂੰ 9 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਵਾਅਦਾ ਕਰਕੇ ਮੁਕਰ ਗਏ ਹਨ ਅਤੇ ਹੁਣ ਮੀਟਿੰਗ ਲਈ ਸੱਦ ਕੇ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਮਾਨ ਸਰਕਾਰ ਨੂੰ ਕਾਫ਼ੀ ਮਹਿੰਗਾ ਪਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਕੁੱਕ ਬੀਬੀਆਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜ਼ਰਤਾਂ ਅਧੀਨ ਲਿਆਂਦਾ ਜਾਵੇ ਅਤੇ ਹਰ ਸਾਲ ਮਹਿੰਗਾਈ ਅਨੁਸਾਰ 5 ਫੀਸਦੀ ਤਨਖ਼ਾਹਾਂ ’ਚ ਵਾਧਾ ਕਰਨ ਦੇ ਨਿਯਮ ਮਿਡ-ਡੇਅ-ਮੀਲ ਕੁੱਕ ’ਤੇ ਵੀ ਲਾਗੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬੀਏ ਪਾਸ ਬੀਬੀਆਂ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ। ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਉੱਥੇ ਤੁਰੰਤ ਨਵੇਂ ਕੁੱਕ ਭਰਤੀ ਕੀਤੇ ਜਾਣ ਅਤੇ ਬੱਚੇ ਘੱਟਣ ’ਤੇ ਕੁੱਕ ਨੂੰ ਫਾਰਗ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ। ਉਨ੍ਹਾਂ ਕੁੱਕ ਬੀਬੀਆਂ ਨੂੰ ਅਪੀਲ ਕੀਤੀ ਕਿ 10 ਮਾਰਚ ਨੂੰ ਵੱਡੇ ਗਿਣਤੀ ਵਿੱਚ ਮੁਹਾਲੀ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…