ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਵੀ ਮੰਨੇ ਸਰਕਾਰ: ਸਿੱਧੂ

ਨਬਜ਼-ਏ-ਪੰਜਾਬ, ਮੁਹਾਲੀ, 9 ਫਰਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਨਾਮਵਰ ਅਰਥ ਸਾਸ਼ਤਰੀ ਤੇ ਖੇਤੀ ਵਿਗਿਆਨੀ ਮਰਹੂਮ ਡਾ. ਐਸਐਸ ਸਵਾਮੀਨਾਥਨ ਨੂੰ ਮੁਲਕ ਦਾ ਸਭ ਤੋਂ ਵੱਡਾ ਸਿਵਲੀਅਨ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਤ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਪੁਰਸਕਾਰ ਦੀ ਸਾਰਥਿਕਤਾ ਤਾਂ ਹੀ ਹੋਵੇਗੀ ਜੇ ਕੇਂਦਰ ਸਰਕਾਰ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਮੰਨ ਕੇ ਖੇਤੀ ਜਿਨਸਾਂ ਦਾ ਮੁੱਲ ਮਿਥਣਾ ਸ਼ੁਰੂ ਕਰੇ। ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਡਾ. ਐਸਐਸ ਸਵਾਮੀਨਾਥਨ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਜਿਨਸਾਂ ਦੇ ਖ਼ਰੀਦ ਮੁੱਲ ਮਿੱਥਣ ਲਈ ਬਣਾਏ ਗਏ ਕਮਿਸ਼ਨ ਦੇ ਚੇਅਰਮੈਨ ਵਜੋਂ ਸਿਫ਼ਾਰਸ਼ ਕੀਤੀ ਸੀ ਕਿ ਫ਼ਸਲ ਦੀ ਕੁਲ ਲਾਗਤ ਤੋਂ ਦੁੱਗਣਾ ਖ਼ਰੀਦ ਮੁੱਲ ਦੇ ਕੇ ਹੀ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਡਾ. ਸਵਾਮੀਨਾਥਨ ਨੇ ਇਹ ਵੀ ਸਿਫ਼ਾਰਸ਼ ਕੀਤੀ ਸੀ ਕਿ ਲਾਗਤ ਖ਼ਰਚੇ ਗਿਣਨ ਲੱਗਿਆਂ ਕਿਸਾਨ ਤੇ ਉਸ ਦੇ ਪਰਿਵਾਰ ਵੱਲੋਂ ਹੱਥੀਂ ਕੀਤੀ ਮਿਹਨਤ ਨੂੰ ਵੀ ਜੋੜਿਆ ਜਾਵੇ।
ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਾੳਣ ਸਮੇਂ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਰੀਆਂ ਖੇਤੀ ਜਿਨਸਾਂ ਦਾ ਘੱਟੋ-ਘੱਟ ਖ਼ਰੀਦ ਮੁੱਲ ਮਿਥਿਆ ਜਾਵੇਗਾ ਅਤੇ ਇਹ ਕੀਮਤਾਂ ਮਿੱਥਣ ਸਮੇਂ ਡਾ. ਐਸਐਸ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਲਈ ਬਣਾਈ ਜਾਣ ਵਾਲੀ ਕਮੇਟੀ ਹੀ ਨਹੀਂ ਬਣਾਈ।
ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਡਾ. ਐਸਐਸ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਹੀ ਨਹੀਂ ਮੰਨਣੀਆਂ ਤਾਂ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਕੋਈ ਮਾਇਨਾ ਨਹੀਂ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇਸ ਵੇਲੇ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਬਣ ਕੇ ਰਹਿ ਜਾਣ ਕਾਰਨ ਕਰਜ਼ੇ ਵਿਚ ਦੱਬੇ ਹੋਏ ਕਿਸਾਨ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਮੰਗਾਂ ਮੰਨ ਨੇ ਲਾਗੂ ਕਰਨ ਵੱਲ ਕੋਈ ਸਾਰਥਿਕ ਕਦਮ ਨਾ ਚੁੱਕਣ ਕਰ ਕੇ ਵੀ ਕਿਸਾਨਾਂ ਵਿਚ ਸਖ਼ਤ ਰੋਸ ਹੈ ਜੋ ਕਿਸੇ ਵੇਲੇ ਵੀ ਮੁੜ ਲਾਵਾ ਬਣ ਕੇ ਫੁੱਟ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…