ਸੈਕਟਰ-67 ਦਾ ਨੌਜਵਾਨ ਹਰਜਿੰਦਰ ਕਲਸੀ ਭੇਦਭਰੀ ਹਾਲਤ ’ਚ ਲਾਪਤਾ

ਭਾਖੜਾ ਨਹਿਰ ਨੇੜਿਓਂ ਮਿਲੀ ਕਾਰ, ਸੇਵਾਮੁਕਤ ਐਕਸੀਅਨ ਐਨਐਸ ਕਲਸੀ ਦਾ ਬੇਟਾ ਹੈ ਹਰਜਿੰਦਰ

ਨਬਜ਼-ਏ-ਪੰਜਾਬ, ਮੁਹਾਲੀ, 9 ਫਰਵਰੀ:
ਇੱਥੋਂ ਦੇ ਸੈਕਟਰ-67 ਦਾ ਇੱਕ ਨੌਜਵਾਨ ਹਰਜਿੰਦਰ ਸਿੰਘ ਕਲਸੀ (35) ਬੀਤੇ ਕੱਲ੍ਹ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੈ। ਪਰਿਵਾਰ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ ਪ੍ਰੰਤੂ ਉਸ ਦਾ ਕੋਈ ਪਤਾ ਨਹੀਂ ਲੱਗਿਆ। ਇਸ ਦੌਰਾਨ ਹਰਜਿੰਦਰ ਕਲਸੀ ਦੀ ਕਾਰ ਪਿੰਡ ਰੈਲਮਾਜਰਾ ਕੋਲੋਂ ਲੰਘਦੀ ਭਾਖੜਾ ਨਹਿਰ ਨੇੜੇ ਖੜੀ ਮਿਲੀ ਹੈ। ਸੇਵਾਮੁਕਤ ਐਕਸੀਅਨ ਐਨਐਸ ਕਲਸੀ ਨੇ ਦੱਸਿਆ ਕਿ ਉਸ ਦਾ ਬੇਟਾ ਹਰਜਿੰਦਰ ਸਿੰਘ ਸ਼ਾਦੀ ਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਉਹ ਫੇਜ਼-4 ਵਿੱਚ ਪਿੰ੍ਰਟਿੰਗ ਅਤੇ ਐਡਵਰਟਾਈਜਮੈਂਟ ਦਾ ਕੰਮ ਕਰਦਾ ਹੈ।
ਸ੍ਰੀ ਕਲਸੀ ਨੇ ਦੱਸਿਆ ਕਿ ਹਰਜਿੰਦਰ ਰੋਜ਼ਾਨਾ ਸਵੇਰੇ ਆਪਣੀ ਗੱਡੀ ’ਤੇ ਸਵਾਰ ਹੋ ਕੇ ਸਨਅਤੀ ਏਰੀਆ ਫੇਜ਼-8-ਬੀ ਸਥਿਤ ਜਿਮ ਵਿੱਚ ਕਸਰਤ ਕਰਨ ਜਾਂਦਾ ਹੈ। ਬੀਤੇ ਕੱਲ੍ਹ ਵੀ ਉੱਥੇ ਜਾਣ ਵੇਲੇ ਉਨ੍ਹਾਂ ਕੋਲੋਂ ਇਹ ਕਹਿ ਕੇ ਦਫ਼ਤਰ ਦੀ ਚਾਬੀ ਲੈ ਕੇ ਗਿਆ ਸੀ ਕਿ ਉਸ ਦੀ ਚਾਬੀ ਦਫ਼ਤਰ ਵਿੱਚ ਹੀ ਰਹਿ ਗਈ ਹੈ। ਬਾਅਦ ਵਿੱਚ ਉਸ ਨੇ ਫੋਨ ਕਰਕੇ ਦੱਸਿਆ ਕਿ ਉਸ ਨੇ ਦਫ਼ਤਰ ਬੰਦ ਕਰ ਦਿੱਤਾ ਹੈ ਅਤੇ ਚਾਬੀ ਬਾਹਰ ਰੱਖ ਦਿੱਤੀ ਹੈ। ਇਸ ਉਪਰੰਤ ਸਵੇਰ ਸਾਢੇ ਅੱਠ ਵਜੇ ਉਸਦਾ ਆਪਣੀ ਪਤਨੀ ਵੀਰਪਾਲ ਕੌਰ ਨੂੰ ਫੋਨ ਆਇਆ ਕਿ ਉਹ ਰੂਪਨਗਰ ਵਿੱਚ ਹੈ ਅਤੇ ਥੋੜ੍ਹੀ ਦੇਰ ਵਿੱਚ ਵਾਪਸ ਘਰ ਆ ਜਾਵੇਗਾ। ਥੋੜੀ ਦੇਰ ਬਾਅਦ ਉਸ ਨੇ ਆਪਣੀ ਮਾਤਾ ਪਰਮਿੰਦਰ ਕੌਰ ਨੂੰ ਫੋਨ ਕਰਕੇ ਕਿਹਾ ਕਿ ਉਹ ਛੇਤੀ ਵਾਪਸ ਆ ਜਾਵੇਗਾ। ਇਹੀ ਨਹੀਂ ਹਰਜਿੰਦਰ ਨੇ ਉਸ (ਪਿਤਾ) ਨੂੰ ਵੀ ਦੱਸਿਆ ਕਿ ਉਹ ਕਿਸੇ ਤੋਂ ਪੈਸੇ ਲੈਣ ਆਇਆ ਹੈ ਅਤੇ ਛੇਤੀ ਘਰ ਆ ਜਾਵੇਗਾ ਪ੍ਰੰਤੂ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਹਰਜਿੰਦਰ ਦੀ ਕਾਰ ਭਾਖੜਾ ਨਹਿਰ ਨੇੜੇ ਪਿੰਡ ਰੈਲ ਮਾਜਰਾ ਕੋਲ ਖੜੀ ਹੈ। ਇਹ ਸੁਣ ਕੇ ਉਹ ਆਪਣੇ ਪਰਿਵਾਰ ਸਮੇਤ ਉੱਥੇ ਪਹੁੰਚ ਗਏ ਅਤੇ ਦੇਖਿਆ ਕਿ ਉਸ ਦੇ ਬੇਟੇ ਦੀ ਕਾਰ ਉੱਥੇ ਖੜੀ ਸੀ। ਜਿਸ ਨੂੰ ਲਾਕ ਲੱਗਿਆ ਹੋਇਆ ਸੀ ਪਰ ਹਰਜਿੰਦਰ ਨਹੀਂ ਮਿਲਿਆ। ਉਹ ਤੁਰੰਤ ਨੇੜਲੇ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਣ ਗਏ ਤਾਂ ਉੱਥੇ ਪੁਲੀਸ ਕਰਮਚਾਰੀਆਂ ਨੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਮਾਮਲਾ ਮੁਹਾਲੀ ਵਿੱਚ ਹੀ ਦਰਜ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਫੇਜ਼-11 ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਪੁਲੀਸ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਜਿੰਦਰ ਦਾ ਕੱਦ ਪੰਜ ਫੁੱਟ 10 ਇੰਚ, ਰੰਗ ਸਾਫ਼, ਦਾੜੀ ਕੱਟੀ ਹੋਈ, ਸਿਰ ’ਤੇ ਵਾਲ ਰੱਖੇ ਹੋਏ, ਕਾਲੀ ਟੋਪੀ ਪਾਈ ਹੋਈ, ਹਰੇ ਰੰਗ ਦੀ ਜੈਕਟ ਅਤੇ ਚਿੱਟੇ ਰੰਗ ਦੀ ਨਿੱਕਰ ਤੇ ਬੂਟ ਪਾਏ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…