ਬਜ਼ੁਰਗ ਦੇ ਕਤਲ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਉਮਰ ਕੈਦ ਤੇ ਜੁਰਮਾਨਾ

ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ:
ਮੁਹਾਲੀ ਅਦਾਲਤ ਨੇ ਕਰੀਬ 6 ਸਾਲ ਪੁਰਾਣੇ ਹਾਈ ਕੋਰਟ ਦੇ ਕਰਮਚਾਰੀ ਦੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਦੋ ਦੋਸ਼ੀਆਂ ਇਸਤੇਕਾਰ ਖਾਨ ਵਾਸੀ ਪਿੰਡ ਰੋਹਾਨ (ਯੂਪੀ) ਅਤੇ ਸ਼ੁਭਮ ਗਰੋਵਰ ਵਾਸੀ ਪਿੰਡ ਬਿਟਾਣਾ (ਯੂਪੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵੇਂ ਦੋਸ਼ੀ ਪਿੰਡ ਖੁੱਡਾ ਅਲੀਸ਼ੇਰ (ਯੂਟੀ) ਵਿੱਚ ਰਹਿੰਦੇ ਸਨ। ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਵੱਲੋਂ ਦੋਸ਼ੀਆਂ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਦੋਸ਼ੀਆਂ ਨੂੰ ਇੱਕ ਸਾਲ ਵੱਧ ਸਮਾਂ ਜੇਲ੍ਹ ਵਿੱਚ ਰਹਿਣਾ ਪਵੇਗਾ।
ਹਾਲਾਂਕਿ ਦੋਸ਼ੀਆਂ ਨੇ ਆਪਣੇ ਵਕੀਲ ਰਾਹੀਂ ਉਨ੍ਹਾਂ ਦੀ ਸਜ਼ਾ ਦੇ ਮਾਮਲੇ ਵਿੱਚ ਨਰਮੀ ਵਰਤਣ ਦੀ ਅਪੀਲ ਕੀਤੀ ਗਈ। ਇੱਕ ਦੋਸ਼ੀ ਨੇ ਅਦਾਲਤ ਨੂੰ ਗੁਹਾਰ ਲਗਾਈ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਹੈ। ਬਜ਼ੁਰਗ ਮਾਪਿਆਂ ਦੀ ਦੇਖਭਾਲ ਉਸ ’ਤੇ ਨਿਰਭਰ ਹੈ। ਇਸ ਲਈ ਉਨ੍ਹਾਂ ਨਾਲ ਨਰਮੀ ਵਰਤੀ ਜਾਵੇ ਪ੍ਰੰਤੂ ਅਦਾਲਤ ਨੇ ਦੋਸ਼ੀਆਂ ਦੀ ਇੱਕ ਨਹੀਂ ਸੁਣੀ। ਅਦਾਲਤ ਨੇ ਤਰਕ ਦਿੱਤਾ ਕਿ ਪੈਸਿਆਂ ਦੇ ਮਾਮੂਲੀ ਲਾਲਚ ਵਿੱਚ ਆ ਕੇ ਕਿਸੇ ਵਿਅਕਤੀ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲਿਆਂ ਪ੍ਰਤੀ ਕਿਸੇ ਤਰ੍ਹਾਂ ਕੋਈ ਨਰਮੀ ਨਹੀਂ ਵਰਤੀ ਜਾ ਸਕਦੀ। ਅਜਿਹੇ ਸੰਗੀਨ ਅਪਰਾਧ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਹੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਸਜ਼ਾ ਦੇ ਮਾਮਲੇ ਵਿੱਚ ਨਰਮੀ ਵਰਤੀ ਜਾਂਦੀ ਹੈ ਤਾਂ ਇਸ ਦਾ ਸਮਾਜ ’ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤਾਂ ਭੁਗਤਣੀ ਹੀ ਪਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ 22 ਜਨਵਰੀ 2019 ਵਿੱਚ ਨਵਾਂ ਗਰਾਓਂ ਦੇ ਐਸਐਚਓ ਇੰਸਪੈਕਟਰ ਸੁਮਿਤ ਮੋਰ ਨੂੰ ਸੂਚਨਾ ਮਿਲੀ ਸੀ ਕਿ ਸ਼ਿਵਾਲਿਕ ਵਿਹਾਰ ਵਿੱਚ 60 ਸਾਲ ਦੇ ਇੱਕ ਬਜ਼ੁਰਗ ਰਾਜ ਕੁਮਾਰ ਦੀ ਗਲਾ ਕੱਟ ਕੇ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਮੌਕੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਮ੍ਰਿਤਕ ਬਜ਼ੁਰਗ ਦੇ ਬੇਟੇ ਇੰਦਰਜੀਤ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 458, 460, 120ਬੀ ਅਤੇ 34 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ 25 ਜਨਵਰੀ 2019 ਨੂੰ ਬਜ਼ੁਰਗ ਦੇ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਦਿਆਂ ਇਸਤੇਕਾਰ ਖਾਨ ਅਤੇ ਸ਼ੁਭਮ ਗਰੋਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀਆਂ ਨੇ ਤਿੰਨ ਲੱਖ ਰੁਪਏ ਹੜੱਪਣ ਦੇ ਲਾਲਚ ਵਿੱਚ ਉਸ ਦਾ ਕਤਲ ਕੀਤਾ ਗਿਆ ਸੀ। ਦੋਸ਼ੀਆਂ ਨੂੰ ਇਹ ਪੱਕੀ ਖ਼ਬਰ ਸੀ ਕਿ ਰਾਜ ਕੁਮਾਰ ਕੋਲ ਕਲੇਮ ਦੇ ਤਿੰਨ ਲੱਖ ਰੁਪਏ ਹਨ। ਇਸ ਤਰ੍ਹਾਂ ਦੋਸ਼ੀਆਂ ਨੇ ਯੋਜਨਾ ਤਹਿਤ ਬਜ਼ੁਰਗ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਗਰਦਨ ’ਤੇ ਚਾਕੂ ਨਾਲ ਕਈ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਸਮੇਂ ਦੋਵੇਂ ਦੋਸ਼ੀ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…