Share on Facebook Share on Twitter Share on Google+ Share on Pinterest Share on Linkedin ਸਵਾਈਨ ਫਲੂ ਨਾਲ ਨਜਿੱਠਣ ਲਈ ਮੁਹਾਲੀ ਵਿੱਚ 21 ਫਲੂ ਕਾਰਨਰਜ਼ ਤੇ 79 ਆਈਸੋਲੇਸ਼ਨ ਬੈੱਡ ਰਾਖਵੇਂ ਸਿਹਤ ਵਿਭਾਗ ਸਾਹ ਨਾਲ ਸਬੰਧਤ ਗੰਭੀਰ ਬੀਮਾਰੀਆਂ ‘ਸਵਾਈਨ ਫਲੂ’ ਨਾਲ ਨਿਪਟਣ ਲਈ ਲਈ ਤਿਆਰ ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਅਗਾਊਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 19 ਦਸੰਬਰ: ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਸਾਹ ਦੀਆਂ ਬੀਮਾਰੀਆਂ ਖਾਸ ਕਰਕੇ ਸਵਾਈਨ ਫਲੂ ਨਾਲ ਨਜਿੱਠਣ ਲਈ ਲੋੜੀਂਦੇ ਅਗਾਊਂ ਪ੍ਰਬੰਧਾਂ ਲਈ ਕਮਰਕੱਸ ਲਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਗਾਊਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਡੇਰਾਬੱਸੀ ਵਿੱਚ ਇੱਕ ਬਜ਼ੁਰਗ ਸਵਾਈਨ ਫਲੂ (ਐਚ1ਐਨ1) ਤੋਂ ਪੀੜਤ ਹੋਣ ਦਾ ਕੇਸ ਸਾਹਮਣੇ ਆਇਆ ਹੈ। ਮਰੀਜ਼ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਵਿੱਚ 21 ਫਲੂ ਕਾਰਨਰਜ਼ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ 34 ਆਈਸੋਲੇਸ਼ਨ ਬੈੱਡ ਸਥਾਪਿਤ ਕੀਤੇ ਗਏ ਹਨ ਜਦੋਂ 45 ਪ੍ਰਾਈਵੇਟ ਹਨ। ਇੰਜ ਹੀ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮੁਹਾਲੀ ਵਿੱਚ 21 ਆਈਸੀਯੂ ਬੈੱਡਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿੱਚ 75 ਆਈਸੀਯੂ ਬੈੱਡ ਉਪਲਬਧ ਹਨ। ਜ਼ਿਲ੍ਹੇ ਵਿੱਚ ਉਪਲਬਧ ਸਮਾਨ ਵਿੱਚ ਉਚਿੱਤ ਮਾਤਰਾ ਵਿੱਚ ਟੈਬਲੇਟ ਟੈਮੀਫਲੂ, ਸਿਰਪ ਫਲੂਵੀਰ, ਪੀਪੀਈ ਕਿੱਟਾਂ, ਵੀਟੀਐਮ ਬੋਤਲਾਂ, ਮਾਸਕ ਟ੍ਰਿਪਲ ਲੇਅਰ, ਐਨ-95 ਮਾਸਕ ਤੋਂ ਇਲਾਵਾ ਆਕਸੀਜਨ ਸਿਲੰਡਰ ਅਤੇ ਕੰਨਸੈਂਟਰੇਟਰ ਸ਼ਾਮਲ ਹਨ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਇਨਫਲੂਐਂਜ਼ਾ ਏ ਐਚ1ਐਨ1/ਐਚ3ਐਨ2 ਪੰਜਾਬ ਵਿੱਚ ਮਹਾਮਾਰੀ ਰੋਗ ਐਕਟ ਅਧੀਨ ਇੱਕ ਨੋਟੀਫਾਈਡ ਬੀਮਾਰੀ ਹੈ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਨਫਲੂਐਂਜ਼ਾ ਦੇ ਲੱਛਣਾਂ ਵਾਲੇ ਸਾਰੇ ਮਰੀਜ਼ਾਂ ਦੀ ਮੈਡੀਕਲ ਸੰਸਥਾਵਾਂ ਵਿੱਚ ਬੀਮਾਰੀ ਦੀ ਰਿਪੋਰਟਿੰਗ ਕੀਤੀ ਜਾਵੇ। ਜੇਕਰ ਉਹ ਕੋਵਿਡ ਨੈਗੇਟਿਵ ਅਤੇ ਲੱਛਣ ਹਨ ਤਾਂ ਸਵਾਈਨ ਫਲੂ ਦੇ ਲੋੜੀਂਦੇ ਟੈੱਸਟ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨਫਲੂਐਂਜ਼ਾ ਏ ਐਚ1ਐਨ1/ਐਚ3ਐਨ2 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਈਐਲਆਈ (ਇਨਫਲੂਐਂਜ਼ਾ ਵਰਗੀ ਬੀਮਾਰੀ) ਵਾਲੇ ਸਾਰੇ ਕੇਸਾਂ ਨੂੰ ਫਲੂ ਕਾਰਨਰ ’ਤੇ ਰਿਪੋਰਟ ਕਰਨਾ ਚਾਹੀਦਾ ਹੈ ਤਾਂ ਜੋ ਜਨਰਲ ਹਸਪਤਾਲ ਵਿੱਚ ਉਨ੍ਹਾਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ ਅਤੇ ਹੋਰ ਮਰੀਜ਼ਾਂ ਵਿੱਚ ਬੀਮਾਰੀ ਫੈਲਣ ਤੋਂ ਰੋਕਿਆ ਜਾ ਸਕੇ। ਇਸੇ ਤਰ੍ਹਾਂ ਐਮਰਜੈਂਸੀ ਜਾਂ ਓਪੀਡੀ/ਆਈਪੀਡੀ ਵਿੱਚ ਕੰਮ ਕਰਨ ਵਾਲੇ ਸਾਰੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ, ਜਿਨ੍ਹਾਂ ਨੂੰ ਆਈਐਲਆਈ ਕੇਸਾਂ ਦੇ ਸੰਪਰਕ ਵਿੱਚ ਆਉਣਾ ਪੈਂਦਾ ਹੈ, ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਿਵਲ ਸਰਜਨ ਨੇ ਸਲਾਹ ਦਿੱਤੀ ਕਿ ਜ਼ੁਕਾਮ ਦੀ ਸਥਿਤੀ ਵਿੱਚ ਮਾਸਕ ਦੀ ਵਰਤੋਂ ਦੂਜਿਆਂ ਵਿੱਚ ਫ਼ਲੂ ਫੈਲਣ ਤੋਂ ਰੋਕਣ ਲਈ ਕੀਤੀ ਜਾਣੀ ਚਾਹੀਦੀ ਹੈ ਅਤੇ ਫਲੂ ਕਾਰਨਰ ਵਿੱਚ ਜਾ ਕੇ ਉਚਿੱਤ ਇਲਾਜ ਕਰਵਾਉਣਾ ਚਾਹੀਦਾ ਹੈ। ਗੰਭੀਰ ਸਾਹ ਦੀਆਂ ਸਮੱਸਿਆਵਾਂ ਅਤੇ ਤੇਜ਼ ਬੁਖ਼ਾਰ ਦੇ ਮਾਮਲੇ ਵਿੱਚ ਡਾਕਟਰਾਂ ਨਾਲ ਸੰਪਰਕ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਈਐਲਆਈ ਬੀਮਾਰੀਆਂ ਨਾਲ ਹੋਣ ਵਾਲੀ ਲਾਗ ਤੋਂ ਸਿਰਫ਼ ਮਾਸਕ ਨਾਲ ਮੂੰਹ ਢੱਕ ਕੇ ਬਚਿਆ ਜਾ ਸਕਦਾ ਹੈ। ਉਨ੍ਹਾਂ ਫਲੂ ਦੀ ਸਥਿਤੀ ਵਿੱਚ ਹੱਥ ਨਾ ਮਿਲਾਉਣ ਦੀ ਸਲਾਹ ਵੀ ਦਿੱਤੀ। ਐਚ1ਐਨ1 ਦੇ ਆਮ ਲੱਛਣ: ਬੁਖ਼ਾਰ, ਮਾਸਪੇਸ਼ੀਆਂ ਵਿੱਚ ਦਰਦ, ਠੰਢ ਅਤੇ ਪਸੀਨਾ, ਖੰਘ, ਗਲੇ ਵਿੱਚ ਖਰਾਸ਼, ਵਗਦਾ ਜਾਂ ਭਰਿਆ ਹੋਇਆ ਨੱਕ, ਅੱਖਾਂ ਲਾਲ ਹੋਣਾ ਤੇ ਪਾਣੀ ਆਉਣਾ,ਅੱਖਾਂ ਵਿੱਚ ਦਰਦ ਸ਼ਾਮਲ ਹਨ। ਜਦੋਂਕਿ ਐਚ3ਐਨ2 ਦੇ ਆਮ ਲੱਛਣਾਂ ਵਿੱਚ ਸਰੀਰ ਵਿੱਚ ਦਰਦ, ਬੁਖ਼ਾਰ, ਸਿਰ ਦਰਦ, ਗਲੇ ਵਿੱਚ ਖਰਾਸ਼, ਖੰਘ, ਥਕਾਵਟ, ਮਾਮੂਲੀ ਭੀੜ, ਅਸਧਾਰਨ ਲੱਛਣਾਂ ਵਿੱਚ ਉਲਟੀਆਂ ਅਤੇ ਦਸਤ ਆਉਣਾ ਸ਼ਾਮਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ