ਮੁਹਾਲੀ ਨਗਰ ਨਿਗਮ ਵੱਲੋਂ 178.62 ਕਰੋੜ ਦਾ ਬਜਟ ਪਾਸ

ਵਿਰੋਧੀ ਧਿਰ ਨੇ ਇਸ਼ਤਿਹਾਰਾਂ ਦੀ ਆਮਦਨ ਘਟਾਉਣ ਦੇ ਮੁੱਦੇ ’ਤੇ ਸੱਤਾ ਧਿਰ ਨੂੰ ਘੇਰਿਆ

ਸਾਬਕਾ ਡਿਪਟੀ ਮੇਅਰ ਮਨਜੀਤ ਸੇਠੀ ਦੀ ਮੰਗ ’ਤੇ ਹਾਊਸ ਵੱਲੋਂ ਵਿਜੀਲੈਂਸ ਜਾਂਚ ਕਰਵਾਉਣ ਦਾ ਮਤਾ ਪਾਸ

ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ:
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਬਜਟ ਮੀਟਿੰਗ ਦੌਰਾਨ 178.62 ਕਰੋੜ ਦਾ ਬਜਟ ਪਾਸ ਕੀਤਾ ਗਿਆ। ਹਾਲਾਂਕਿ ਇਸ ਵਰ੍ਹੇ ਪਿਛਲੇ ਸਾਲ ਨਾਲੋਂ ਪੰਜ ਕਰੋੜ ਘਟਾ ਕੇ 168.62 ਕਰੋੜ ਰੁਪਏ ਦੀ ਆਮਦਨ ਦਾ ਏਜੰਡਾ ਪੇਸ਼ ਕੀਤਾ ਗਿਆ ਲੇਕਿਨ ਵਿਰੋਧੀ ਧਿਰ ਵੱਲੋਂ ਮੁੱਦਾ ਚੁੱਕੇ ਜਾਣ ਤੋਂ ਬਾਅਦ ਬਜਟ ਰਾਸੀ ਵਿੱਚ ਵਾਧਾ ਪ੍ਰਵਾਨ ਕੀਤਾ ਗਿਆ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਇਸ਼ਤਿਹਾਰਬਾਜ਼ੀ ਦੀ ਆਮਦਨ ਘੱਟ ਹੋਣ ਦਾ ਮੁੱਦਾ ਚੁੱਕਦਿਆਂ ਅਫ਼ਸਰਸ਼ਾਹੀ ’ਤੇ ਦੋਸ਼ ਲਾਇਆ ਕਿ ਨਿੱਜੀ ਫ਼ਾਇਦੇ ਲਈ ਟੈਂਡਰ ਰੋਕੇ ਗਏ ਹਨ। ਜਿਸ ਕਾਰਨ ਇਸ਼ਤਿਹਾਰਾਂ ਤੋਂ 31 ਕਰੋੜ ਦੇ ਟੀਚੇ ਦੀ ਥਾਂ ਮਹਿਜ਼ 4 ਕਰੋੜ 22 ਲੱਖ ਦੀ ਆਮਦਨ ਹੋਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਪੋਲਾਂ ’ਤੇ ਲੱਗਣ ਵਾਲੇ ਇਸ਼ਤਿਹਾਰਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਹੋਇਆ। ਜਿਸ ਦੀ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ’ਤੇ ਖੰਭਿਆਂ ’ਤੇ ਲੱਗੇ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਹੋਰਨਾਂ ਆਗੂਆਂ ਦੇ ਹੋਰਡਿੰਗਾਂ ਅਤੇ ਸਰਕਾਰੀ ਹੋਰਡਿੰਗਾਂ ਦੀ ਪੇਮੈਂਟ ਕੌਣ ਕਰੇਗਾ? ਜੇਕਰ ਇਹ ਪੈਸੇ ਨਗਰ ਨਿਗਮ ਦੇ ਖਾਤੇ ਵਿੱਚ ਆਉਣਗੇ ਤਾਂ ਆਮਦਨ ਆਪੇ ਵਧ ਜਾਵੇਗੀ। ਬਾਅਦ ਵਿੱਚ ਹਾਊਸ ਵੱਲੋਂ ਸੇਠੀ ਦੀ ਮੰਗ ਨਾਲ ਸਹਿਮਤੀ ਪ੍ਰਗਟ ਕਰਦਿਆਂ ਵਿਜੀਲੈਂਸ ਤੋਂ ਜਾਂਚ ਕਰਵਾਉਣ ਦਾ ਮਤਾ ਕੀਤਾ ਗਿਆ। ਉਂਜ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ ਨੂੰ 12 ਕਰੋੜ ਤੋਂ ਵਧਾ ਕੇ 15 ਕਰੋੜ ਕਰਨ ਅਤੇ ਬਿਜਲੀ ਬੋਰਡ ਤੋਂ ਹੋਣ ਵਾਲੀ ਆਮਦਨ ਨੂੰ 5 ਕਰੋੜ ਵਧਾਉਣ ਸਮੇਤ ਬਾਕੀ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਸੈਕਟਰ-69 ਦੀ ਸਰਕਾਰੀ ਡਿਸਪੈਂਸਰੀ ਦਾ ਮੁੱਦਾ ਚੁੱਕਦਿਆਂ ਉਸਾਰੀ ਦਾ ਕੰਮ ਮੁਕੰਮਲ ਕਰਵਾਉਣ ਅਤੇ ਉਦੋਂ ਤੱਕ ਇਸ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਹਾਊਸ ਨੂੰ ਦੱਸਿਆ ਕਿ ਇੱਥੇ ਝਾੜੀਆਂ ਖੜ੍ਹੀਆਂ ਹਨ ਅਤੇ ਸਰਕਾਰੀ ਅਣਦੇਖੀ ਕਾਰਨ ਇਹ ਥਾਂ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣ ਕੇ ਰਹਿ ਗਈ ਹੈ।
ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਫੇਜ਼-11 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਾ ਹੋਣ ਦਾ ਮੁੱਦਾ ਚੁੱਕਿਆ। ਇਸ ’ਤੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਫੇਜ਼-11 ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵੀਆਂ ਪਾਈਪਾਂ ਪਾਉਣ ਲਈ 2.5 ਕਰੋੜ ਦਾ ਮਤਾ ਪਾਸ ਕੀਤਾ ਗਿਆ ਹੈ। ਜਨ ਸਿਹਤ ਵਿਭਾਗ ਨੂੰ 1 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਛੇਤੀ ਹੀ ਸ਼ੁਰੂ ਹੋ ਜਾਵੇਗਾ।
ਕੌਂਸਲਰ ਹਰਜੀਤ ਸਿੰਘ ਬੈਦਵਾਨ ਨੇ ਸੈਕਟਰ-78 ਵਿੱਚ ਬਣਾਈ ਜਾ ਰਹੀ ਵੈਂਡਿਗ ਜੋਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜਿਸ ਥਾਂ ’ਤੇ ਵੈਂਡਿੰਗ ਜੋਨ ਬਣਾਈ ਜਾ ਰਹੀ ਹੈ, ਉੱਥੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ। ਮੀਟਿੰਗ ਦੌਰਾਨ ਵੱਖ-ਵੱਖ ਕੌਂਸਲਰਾਂ ਨੇ ਆਪੋ ਆਪਣੇ ਵਾਰਡਾਂ ਦੇ ਮਸਲੇ ਵੀ ਚੁੱਕੇ।
ਸ਼ਹਿਰ ਦੀਆਂ ਸੜਕਾਂ ਨੂੰ ਪੰਜ ਪਿਆਰਿਆਂ ਦੇ ਨਾਮ ’ਤੇ ਰੱਖਣ ਦੇ ਮਤੇ ਉੱਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਇਹ ਧਾਰਮਿਕ ਮਸਲਾ ਹੈ। ਇਸ ਮਤੇ ਨੂੰ ਪਹਿਲਾਂ ਐਸਜੀਪੀਸੀ ਨੂੰ ਭੇਜ ਕੇ ਪ੍ਰਵਾਨਗੀ ਲੈਣੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਕੋਈ ਇਤਰਾਜ਼ ਨਾ ਹੋਵੇ।
ਮੀਟਿੰਗ ਦੌਰਾਨ ਕੌਂਸਲਰ ਦਵਿੰਦਰ ਕੌਰ ਵਾਲੀਆ ਦੇ ਮਾਤਾ ਅਤੇ ਕੌਂਸਲਰ ਮੀਨਾ ਕੌਂਡਲ ਦੀ ਸੱਸ ਦੇ ਅਕਾਲ ਚਲਾਣੇ ’ਤੇ ਹਾਊਸ ਵੱਲੋਂ 2 ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਉਧਰ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ, ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸ਼ਤ ਹੋ ਰਿਹਾ ਹੈ। ਕੇਂਦਰ ਸਮੇਤ ਪੰਜਾਬ ਸਰਕਾਰ ਦੇ ਲਗਪਗ 95 ਫੀਸਦੀ ਮੁੱਖ ਦਫ਼ਤਰ ਇੱਥੇ ਹਨ। ਲਿਹਾਜ਼ਾ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਸੂਬਾ ਸਰਕਾਰ ਨੂੰ ਦਿਲ ਖੋਲ੍ਹ ਕੇ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ ਅਤੇ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…