ਪਾਣੀ ਦੀ ਬਰਬਾਦੀ: ਜਲ ਸਪਲਾਈ ਵਿਭਾਗ ਵੱਲੋਂ 244 ਖਪਤਕਾਰਾਂ ਨੂੰ ਤਾੜਨਾ ਨੋਟਿਸ ਜਾਰੀ

ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾਣਗੇ ਕੁਨੈਕਸ਼ਨ, ਦੁਬਾਰਾ ਕੁਨੈਕਸ਼ਨ ਜੋੜਨ ਲਈ ਦੇਣਾ ਪਏਗਾ 5 ਹਜ਼ਾਰ ਜੁਰਮਾਨਾ

ਸ਼ਹਿਰੀ ਲੋਕਾਂ ਵੱਲੋਂ ਸ਼ਰ੍ਹੇਆਮ ਫਰਸ਼ ਤੇ ਕਾਰਾਂ ਧੌਣ ਅਤੇ ਬਗਿੱਚਿਆਂ ਨੂੰ ਪਾਣੀ ਲਗਾ ਕੇ ਕੀਤੀ ਜਾ ਰਹੀ ਹੈ ਪਾਣੀ ਦੀ ਬਰਬਾਦੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਜਲ ਸਪਲਾਈ ਵਿਭਾਗ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਾਣੀ ਦੀ ਬਰਬਾਦੀ ਰੋਕਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਪਤਕਾਰਾਂ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਨਾ ਕੇਵਲ ਜੁਰਮਾਨਾ ਵਸੂਲਿਆ ਜਾਵੇਗਾ, ਸਗੋਂ ਖਪਤਕਾਰ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਸ ਦੇ ਘਰ ਤੇ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆਂ ਜਾਵੇਗਾ। ਖਪਤਕਾਰ ਤੋਂ 5 ਹਜ਼ਾਰ ਰੁਪਏ ਜੁਰਮਾਨਾ ਅਤੇ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਹੀ ਦੁਬਾਰਾ ਕੁਨੈਕਸ਼ਨ ਜੋੜਨ ’ਤੇ ਵਿਚਾਰ ਕੀਤਾ ਜਾਵੇਗਾ। ਇਸ ਸਬੰਧੀ ਹੁਣ ਤੱਕ 244 ਘਰਾਂਖਪਤਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਜਲ ਸਪਲਾਈ ਵਿਭਾਗ ਦੇ ਐਕਸੀਅਨ ਕਮਲ ਕਿਸੋਰ ਨੇ ਦੱਸਿਆ ਕਿ ਅੱਜ 25 ਖਪਤਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 244 ਵਿਅਕਤੀਆਂ ਨੂੰ ਤਾੜਨਾ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਨਾ ਕੇਵਲ ਜੁਰਮਾਨਾ ਵਸੂਲਿਆ ਜਾਵੇਗਾ, ਸਗੋਂ ਸਬੰਧਤ ਵਿਅਕਤੀ ਦੇ ਘਰ ਤੇ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆਂ ਜਾਵੇਗਾ। ਇਸ ਸਬੰਧੀ ਨਗਰ ਨਿਗਮ ਵੱਲੋਂ ਬੀਤੀ 3 ਅਪਰੈਲ ਨੂੰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਸ਼ਹਿਰ ਵਿੱਚ ਪਾਣੀ ਦੀ ਪਹਿਲਾਂ ਹੀ ਕਾਫੀ ਥੂੜ ਹੈ ਲੇਕਿਨ ਇਸ ਦੇ ਬਾਵਜੂਦ ਕਈ ਲੋਕਾਂ ਵੱਲੋਂ ਸ਼ਰ੍ਹੇਆਮ ਫਰਸ਼ ਅਤੇ ਕਾਰਾਂ ਧੌਣ ਅਤੇ ਬਗਿੱਚਿਆਂ ਨੂੰ ਪਾਣੀ ਲਗਾ ਕੇ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਗਰਮੀ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ 30 ਜੂਨ ਤੱਕ ਬਗਿੱਚਿਆਂ ਨੂੰ ਪਾਣੀ ਦੇਣ, ਫਰਸ਼ ਤੇ ਕਾਰਾਂ ਧੌਣ ’ਤੇ ਪਾਬੰਦੀ ਲਗਾਈ ਗਈ ਹੈ। ਇਹੀ ਨਹੀਂ ਟੁਲੂ ਪੰਪ ਰਾਹੀਂ ਪਾਈਪਲਾਈਨ ਤੋਂ ਸਿੱਧੇ ਤੌਰ ’ਤੇ ਪਾਣੀ ਲੈਣ ’ਤੇ ਵੀ ਰੋਕ ਲਗਾਈ ਗਈ ਹੈ।
ਐਕਸੀਅਨ ਨੇ ਦੱਸਿਆ ਕਿ ਉਲੰਘਣਾ ਕਰਨ ’ਤੇ ਪਹਿਲੀ ਵਾਰ ਖਪਤਕਾਰ ਨੂੰ ਤਾੜਨਾ ਨੋਟਿਸ ਜਾਰੀ ਕੀਤਾ ਜਾਵੇਗਾ, ਦੂਜੀ ਵਾਰ ਪਹਿਲੇ ਨੋਟਿਸ ਦਾ ਹਵਾਲਾ ਦੇ ਕੇ 2 ਹਜ਼ਾਰ ਰੁਪਏ ਜੁਰਮਾਨਾ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜਿਆ ਜਾਵੇਗਾ। ਤੀਜੀ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਪਤਕਾਰ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਸ ਦੇ ਘਰ ਜਾਂ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖਪਤਕਾਰ ਤੋਂ 5 ਹਜ਼ਾਰ ਰੁਪਏ ਜੁਰਮਾਨਾ ਅਤੇ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਹੀ ਦੁਬਾਰਾ ਕੁਨੈਕਸ਼ਨ ਜੋੜਨ ’ਤੇ ਵਿਚਾਰ ਕੀਤਾ ਜਾਵੇਗਾ।
(ਬਾਕਸ ਆਈਟਮ-1)
ਅਜੋਕੇ ਸਮੇਂ ਵਿੱਚ ਮੁਹਾਲੀ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਪਿਛਲੇ ਕਰੀਬ ਦੋ-ਤਿੰਨ ਸਾਲਾਂ ਵਿੱਚ ਇਸ ਖੇਤਰ ਅੰਦਰ ਧਰਤੀ ਹੇਠਲਾ ਪਾਣੀ ਦਾ ਪੱਧਰ 200 ਫੁੱਟ ਤੋਂ ਵੀ ਵੱਧ ਥੱਲੇ ਚਲਾ ਗਿਆ ਹੈ। ਪਾਣੀ ਦੇ ਜ਼ਿਆਦਾਤਰ ਟਿਊਬਵੈਲ ਫੇਲ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਵੇਲੇ ਕੇਵਲ 13.4 ਮਿਲੀਅਨ ਗੈਲਨ ਪਾਣੀ ਹੀ ਉਪਲਬਧ ਹੈ ਜਦੋਂ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਪ੍ਰਤੀ ਦਿਨ 27 ਮਿਲੀਅਨ ਗੈਲਨ ਤੋਂ ਵੱਧ ਪਾਣੀ ਦੀ ਸਖ਼ਤ ਲੋੜ ਹੈ। ਇਸ ਸਮੇਂ ਸ਼ਹਿਰ ਵਾਸੀਆਂ ਨੂੰ 10 ਮਿਲੀਆ ਗੈਲਨ ਨਹਿਰੀ ਪਾਣੀ ਅਤੇ 3.4 ਮਿਲੀਅਨ ਗੈਲਨ ਪਾਣੀ ਕੇਵਲ ਟਿਊਬਵੈਲਾਂ ਰਾਹੀਂ ਪ੍ਰਾਪਤ ਹੋ ਰਿਹਾ ਹੈ ਜੋ ਕਿ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਾਫੀ ਘੱਟ ਹੈ।
(ਬਾਕਸ ਆਈਟਮ-2)
ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿੱਚ ਸ਼ਹਿਰ ਵਿੱਚ ਪਾਣੀ ਦੀ ਡਿਮਾਂਡ ਕਾਫੀ ਵੱਧ ਜਾਂਦੀ ਹੈ ਅਤੇ ਪਾਣੀ ਦੀ ਬਰਬਾਦੀ ਦੀਆਂ ਸ਼ਿਕਾਇਤਾਂ ਵੀ ਵੱਧ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਨਿਗਮ ਨੇ ਪਾਣੀ ਦੀ ਬਰਬਾਦੀ ਰੋਕਣ ਲਈ ਕੁਨੈਕਸ਼ਨ ਕੱਟਣ ਅਤੇ ਜੁਰਮਾਨਾ ਵਸੂਲੀ ਦਾ ਫੈਸਲਾ ਲਿਆ ਹੈ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਐਕਸੀਅਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਪਾਣੀ ਦੀ ਪਹਿਲਾਂ ਹੀ ਕਾਫੀ ਥੂੜ ਹੈ ਲੇਕਿਨ ਇਸ ਦੇ ਬਾਵਜੂਦ ਕਈ ਲੋਕਾਂ ਵੱਲੋਂ ਸ਼ਰ੍ਹੇਆਮ ਫਰਸ਼ ਅਤੇ ਕਾਰਾਂ ਧੌਣ ਅਤੇ ਬਗਿੱਚਿਆਂ ਨੂੰ ਪਾਣੀ ਲਗਾ ਕੇ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਗਰਮੀ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ 5 ਅਪਰੈਲ ਤੋਂ 30 ਜੂਨ ਤੱਕ ਬਗਿੱਚਿਆਂ ਨੂੰ ਪਾਣੀ ਦੇਣ, ਫਰਸ਼ ਤੇ ਕਾਰਾਂ ਧੌਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…