nabaz-e-punjab.com

ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਵਿਜੈ ਸ਼ਰਮਾ ਨੇ ਅਹੁਦਾ ਸੰਭਾਲਿਆ

ਮੁਹਾਲੀ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਵਿਜੈ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਦੇ ਨਵ-ਨਿਯੁਕਤ ਚੇਅਰਮੈਨ ਵਿਜੈ ਕੁਮਾਰ ਸ਼ਰਮਾ ਨੇ ਅੱਜ ਦੋ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਅਮਰੀਕ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਇੱਥੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਇਸ ਦੌਰਾਨ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੇ ਸ਼ਿਰਕਤ ਕੀਤੀ। ਉਂਜ ਬਾਹਰਲਾ ਆਗੂ ਹੋਣ ਕਾਰਨ ਮੁਹਾਲੀ ਦੇ ਸੀਨੀਅਰ ਅਤੇ ਸਰਗਰਮ ਆਗੂ ਗੈਰਹਾਜ਼ਰ ਰਹੇ। ਸਮਾਰੋਹ ਵਿੱਚ ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਵਰਕਰਾਂ ਦਾ ਇਕੱਠਾ ਦੇਖਣ ਨੂੰ ਮਿਲਿਆ। ਇਹੀ ਨਹੀਂ ਨਵੇਂ ਚੇਅਰਮੈਨ ਮੀਡੀਆ ਕਰਮੀ ਵੀ ਮੋਰਿੰਡਾ ਅਤੇ ਕੁਰਾਲੀ ਤੋਂ ਆਪਣੇ ਨਾਲ ਲੈ ਕੇ ਆਏ ਸੀ। ਉਂਜ ਖਰੜ ਹਲਕੇ ਤੋਂ ਕਾਂਗਰਸੀ ਪਹੁੰਚੇ ਸੀ ਪ੍ਰੰਤੂ ਖਰੜ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਗਮੋਹਨ ਕੰਗ ਸਮਾਰੋਹ ’ਚ ਨਹੀਂ ਪੁੱਜੇ।
ਉਧਰ, ਅਹੁਦਾ ਸੰਭਾਲਣ ਸਮੇਂ ਦਫ਼ਤਰ ਵਿੱਚ ਸਮਰਥਕਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਪੁਲੀਸ ਨੂੰ ਅੰਦਰੋਂ ਦਰਵਾਜੇ ਦੀ ਕੁੰਡੀ ਲਗਾਉਣੀ ਪਈ ਜਦੋਂਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਬਾਹਰ ਹੀ ਖੜੇ ਰਹਿ ਗਏ। ਉਨ੍ਹਾਂ ਵੱਲੋਂ ਜ਼ੋਰ ਜ਼ੋਰ ਨਾਲ ਦਰਵਾਜਾ ਖੜਕਾਉਣ ਤੋਂ ਜਿਵੇਂ ਹੀ ਪੁਲੀਸ ਕਰਮਚਾਰੀ ਨੇ ਕੁੰਡੀ ਖੋਲ੍ਹੀ ਤਾਂ ਦਰਵਾਜਾ ਉੱਥੇ ਇਕ ਪੁਲੀਸ ਅਧਿਕਾਰੀ ਨੂੰ ਲੱਗਿਆ। ਜਿਸ ਕਾਰਨ ਅਧਿਕਾਰੀ ਦੀ ਵਰਦੀ ’ਤੇ ਲੱਗਿਆ ਪੁਲੀਸ ਦਾ ਬੈਜ ਟੁੱਟ ਕੇ ਜ਼ਮੀਨ ’ਤੇ ਡਿੱਗ ਪਿਆ। ਸ੍ਰੀ ਚੰਨੀ ਅਤੇ ਸ੍ਰੀ ਸਿੱਧੂ ਵੀ ਨਵੇਂ ਚੇਅਰਮੈਨ ਨੂੰ ਕੁਰਸੀ ’ਤੇ ਬਿਠਾਉਣ ਤੋਂ ਬਾਅਦ ਕਾਹਲੀ ਕਾਹਲੀ ਵਿੱਚ ਉੱਥੋ ਚਲੇ ਗਏ ਅਤੇ ਇਹ ਦੋਵੇਂ ਮੰਤਰੀ ਅਤੇ ਸ੍ਰੀ ਚਾਹਲ ਸਮਾਰੋਹ ਵਾਲੀ ਥਾਂ ਸਟੇਜ ’ਤੇ ਨਹੀਂ ਗਏ। ਉੱਥੇ ਸਿਰਫ਼ ਸਥਾਨਕ ਪੱਧਰ ਦੇ ਆਗੂ ਤੇ ਵਰਕਰ ਹੀ ਮੌਜੂਦ ਸਨ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੈਬਨਿਟ ਮੰਤਰੀ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ, ਬਲਰਾਜ ਸਿੰਘ ਗਿੱਲ, ਸਟੇਜ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਪੰਜਾਬ ਕਾਂਗਰਸ ਦੇ ਸਕੱਤਰ ਰਕੇਸ਼ ਕਾਲੀਆ, ਰਜਿੰਦਰ ਸਿੰਘ ਰਾਣਾ, ਮਹਿਲਾ ਕਾਂਗਰਸ ਦੀ ਸਵਰਨਜੀਤ ਕੌਰ, ਖਰੜ ਕੌਂਸਲ ਦੇ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਕੁਰਾਲੀ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਬਲਕਾਰ ਸਿੰਘ ਭੰਗੂ, ਪਰਮਜੀਤ ਕੌਰ, ਸੋਹਣ ਸਿੰਘ ਛੱਜੂਮਾਜਰਾ, ਬੰਤ ਸਿੰਘ ਕਲਾਰਾ, ਗੁਰਵਿੰਦਰ ਪਾਲ, ਕਰਨੈਲ ਸਿੰਘ ਕੈਲੀ, ਵਿਨੀਤ ਕਾਲੀਆ, ਬਲਜਿੰਦਰ ਸਿੰਘ ਧਨੌਰੀ, ਪ੍ਰਦੀਪ ਕੁਮਾਰ ਰੂੜਾ, ਭੁਪਿੰਦਰ ਸਿੰਘ ਕੁਰਾਲੀ, ਰਜਿੰਦਰ ਸਿੰਘ ਕੁਰਾਲੀ, ਸ਼ੇਖਰ ਸ਼ੁਕਲਾ, ਰਾਜਵੰਤ ਰਾਏ ਸ਼ਰਮਾ ਅਤੇ ਕੁਲਵੰਤ ਸਿੰਘ ਬਰਿਆਲੀ ਹਾਜ਼ਰ ਸਨ। ਅਖੀਰ ਵਿੱਚ ਜੀਤੀ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।
(ਬਾਕਸ ਆਈਟਮ)
ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਮੁਹਾਲੀ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਦੋਂ ਨਵੇਂ ਚੇਅਰਮੈਨ ਨੂੰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਣ ਬਾਰੇ ਇਕ ਕਾਂਗਰਸੀ ਧੜੇ ਵੱਲੋਂ ਲਗਾਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਬੇਅੰਤ ਸਿੰਘ ਸਰਕਾਰ ਵੇਲੇ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਸੀ, ਉਦੋਂ ਵੀ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ, ਇਹ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਮੁੱਖ ਮੰਤਰੀ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਇਸ ਨੂੰ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…