ਵਿਕਟੋਰੀਆ ਕਰਾਸ ਤੇ ਮਹਾਂਵੀਰ ਚੱਕਰ ਜੇਤੂ ਧੀ ਨੇ ਕੈਡਿਟਾਂ ਨਾਲ ਸਾਂਝੇ ਕੀਤੇ ਆਪਣੇ ਪਿਤਾ ਦੀ ਬਹਾਦਰੀ ਦੇ ਕਿੱਸੇ

ਭਾਰਤ ਦੇ ਸਰਬ ਉੱਚ ਸਨਮਾਨ ਪ੍ਰਾਪਤ ਸੈਨਿਕ ਦੀ ਧੀ ਨੇ ਕੈਡਿਟਾਂ ਨੂੰ ਜੀਵਨ ਵਿੱਚ ਉੱਚੇ ਟੀਚੇ ਮਿਥਣ ਤੇ ਸਖ਼ਤ ਮਿਹਨਤ ਲਈ ਪ੍ਰੇਰਿਆ

ਨਬਜ਼-ਏ-ਪੰਜਾਬ, ਮੁਹਾਲੀ, 22 ਮਈ:
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਵੱਲੋਂ ਆਪਣੇ ਕੈਡਿਟਾਂ ਨੂੰ ਪ੍ਰੇਰਿਤ ਕਰਨ ਲਈ ਵਿਕਟੋਰੀਆ ਕਰਾਸ ਅਤੇ ਮਹਾਂਵੀਰ ਚੱਕਰ ਪੁਰਸਕਾਰ ਜੇਤੂ ਜਮਾਦਾਰ ਨੰਦ ਸਿੰਘ ਦੀ ਧੀ ਸ੍ਰੀਮਤੀ ਅਮਰਜੀਤ ਕੌਰ ਨਾਲ ਇੱਕ ਪ੍ਰੇਰਣਾਦਾਇਕ ਵਿਚਾਰ-ਚਰਚਾ ਸੈਸ਼ਨ ਕਰਵਾਇਆ ਗਿਆ। ਜਿਸ ਦਾ ਉਦੇਸ਼ ਕੈਡਿਟਾਂ ਨੂੰ ਜਮਾਦਾਰ ਨੰਦ ਸਿੰਘ ਦੀ ਬਹਾਦਰੀ ਅਤੇ ਕੁਰਬਾਨੀ ਦੀ ਵਿਰਾਸਤ ਤੋਂ ਜਾਣੂ ਕਰਵਾਉਣਾ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਉੱਚੇ ਟੀਚੇ ਨਿਰਧਾਰਿਤ ਕਰਨ ਅਤੇ ਉੱਤਮਤਾ ਲਈ ਨਿਰੰਤਰ ਯਤਨ ਕਰਦੇ ਰਹਿਣ ਲਈ ਪ੍ਰੇਰਿਤ ਕਰਨਾ ਸੀ।
ਆਪਣੇ ਪਿਤਾ ਦੇ ਸ਼ਾਨਦਾਰ ਫੌਜੀ ਕਰੀਅਰ ਦੇ ਦਿਲੇਰਾਨਾ ਕਿੱਸੇ ਸਾਂਝੇ ਕਰਦਿਆਂ ਸ੍ਰੀਮਤੀ ਅਮਰਜੀਤ ਕੌਰ ਨੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਦ੍ਰਿੜਤਾ ਅਤੇ ਅਨੁਸ਼ਾਸਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਨੌਜਵਾਨ ਕੈਡਿਟਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਦੇਸ਼ ਦੀ ਸੇਵਾ ਕਰਨ ਲਈ ਉਨ੍ਹਾਂ ਵਿੱਚ ਦੇਸ਼ ਭਗਤੀ ਅਤੇ ਸਵੈਮਾਣ ਦੀ ਇੱਕ ਨਵੀਂ ਊਰਜਾ ਸੰਚਾਰਿਤ ਕੀਤੀ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈਐਚ ਚੌਹਾਨ ਨੇ ਕਿਹਾ ਕਿ ਜਮਾਦਾਰ ਨੰਦ ਸਿੰਘ ਦੀ ਵਿਰਾਸਤ ਉਨ੍ਹਾਂ ਦੀ ਬੇਬਾਕੀ, ਬਹਾਦਰੀ ਅਤੇ ਨਿਰਸਵਾਰਥਤਾ ਦਾ ਪ੍ਰਮਾਣ ਹੈ। ਸਭ ਤੋਂ ਉੱਚੇ ਸਨਮਾਨ ਪ੍ਰਾਪਤ ਭਾਰਤੀ ਸੈਨਿਕ ਦੇ ਰੂਪ ਵਿੱਚ ਦੂਜੇ ਵਿਸ਼ਵ ਯੁੱਧ ਅਤੇ 1947-48 ਦੇ ਕਸ਼ਮੀਰ ਯੁੱਧ ਵਿੱਚ ਉਨ੍ਹਾਂ ਦੀ ਬਹਾਦਰੀ ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦੀ ਜੀਵਨ ਦਾਸਤਾਨ ਉਨ੍ਹਾਂ ਦੀ ਅਡੋਲ ਭਾਵਨਾ ਅਤੇ ਫ਼ਰਜ਼ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜ਼ਿਕਰਯੋਗ ਹੈ ਕਿ ਵਿਕਟੋਰੀਆ ਕਰਾਸ ਅਤੇ ਮਹਾਂਵੀਰ ਚੱਕਰ ਜੇਤੂ ਜਮਾਦਾਰ ਨੰਦ ਸਿੰਘ ਦਾ ਜਨਮ 24 ਸਤੰਬਰ 1914 ਨੂੰ ਪਿੰਡ ਬਹਾਦਰਪੁਰ (ਮਾਨਸਾ) ਵਿੱਚ ਹੋਇਆ ਸੀ, ਉਨ੍ਹਾਂ ਨੂੰ ਬਹਾਦਰੀ ਅਤੇ ਕੁਰਬਾਨੀ ਲਈ ਸਰਬ-ਉੱਚ ਸਨਮਾਨ ਪ੍ਰਾਪਤ ਭਾਰਤੀ ਸੈਨਿਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇੱਕ ਸਿੱਖ ਬਟਾਲੀਅਨ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਬਤੌਰ ਕਾਰਜਕਾਰੀ ਨਾਇਕ ਅਸਾਧਾਰਨ ਹੌਸਲੇ ਲਈ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ, ਖ਼ਾਸ ਕਰਕੇ ਜਦੋਂ ਉਨ੍ਹਾਂ ਨੇ ਬਰਮਾ ਦੇ ਅਰਾਕਾਨ ਵਿੱਚ ਬਿਲਕੁਲ ਸਿੱਧੀ-ਸਪਾਟ ‘ਇੰਡੀਆ ਹਿੱਲ’ ਉੱਤੇ ਕਬਜ਼ਾ ਕਰਨ ਦੌਰਾਨ ਇੱਕ ਜਾਪਾਨੀ ਟਿਕਾਣੇ ਨੂੰ ਤਬਾਹ ਕਰਨ ਵਿੱਚ ਆਪਣੀ ਪਲਟਨ ਦੀ ਅਗਵਾਈ ਕੀਤੀ ਸੀ। ਬਾਅਦ ਵਿੱਚ 1947-48 ਦੇ ਕਸ਼ਮੀਰ ਯੁੱਧ ਵਿੱਚ ਉਨ੍ਹਾਂ ਨੇ ਆਪਣੇ ਫ਼ੌਜੀਆਂ ਨੂੰ ਇੱਕ ਹਮਲੇ ਤੋਂ ਬਚਾਉਂਦੇ ਹੋਏ ਲਾਸਾਨੀ ਕੁਰਬਾਨੀ ਦਿੱਤੀ ਅਤੇ ਇਸ ਬਹਾਦਰੀ ਲਈ ਮੌਤ ਉਪਰੰਤ ਮਹਾਂਵੀਰ ਚੱਕਰ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…