ਵਾਹਨ ਪਾਰਕਿੰਗ ਵਿਵਾਦ: ਆਈਸਰ ਦੇ ਨੌਜਵਾਨ ਵਿਗਿਆਨੀ ਡਾ. ਅਭਿਸ਼ੇਕ ਦੀ ਮੌਤ, ਕੇਸ ਦਰਜ

ਮੁਹਾਲੀ ਦੇ ਸੈਕਟਰ-66 ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਡਾ. ਅਭਿਸ਼ੇਕ

ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਪੁਲੀਸ ਨੇ ਲਾਸ਼ ਵਾਰਸਾਂ ਨੂੰ ਸੌਂਪੀ

ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ:
ਇੱਥੋਂ ਦੇ ਸੈਕਟਰ-66 ਵਿੱਚ ਵਾਹਨ ਪਾਰਕਿੰਗ ਨੂੰ ਲੈ ਕੇ ਦੋ ਨੌਜਵਾਨਾਂ ਵਿੱਚ ਝਗੜਾ ਹੋ ਗਿਆ। ਇਸ ਝਗੜੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੇਂਦਰ ਸਰਕਾਰ ਦੇ ਅਦਾਰੇ ਆਈਸਰ ਦੇ ਵਿਗਿਆਨੀ ਡਾ. ਅਭਿਸ਼ੇਕ ਕੁਮਾਰ (39) ਵਜੋਂ ਹੋਈ ਹੈ। ਉਹ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪਿੱਛੋਂ ਉਹ ਝਾਰਖੰਡ ਦਾ ਵਸਨੀਕ ਹੈ। ਇਸ ਸਬੰਧੀ ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਮ੍ਰਿਤਕ ਵਿਗਿਆਨੀ ਦੇ ਗੁਆਂਢੀ ਮੌਂਟੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮੌਂਟੀ ਫ਼ਰਾਰ ਦੱਸਿਆ ਜਾ ਰਿਹਾ ਹੈ। ਮੌਂਟੀ ਸਾਫ਼ਟਵੇਅਰ ਇੰਜੀਨੀਅਰ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦੇਰ ਸ਼ਾਮ ਕਰੀਬ 8 ਵਜੇ ਘਰ ਦੇ ਬਾਹਰ ਫੁੱਟਪਾਥ ’ਤੇ ਦਰਖ਼ਤ ਦੀ ਛਾਂ ਹੇਠ ਆਪਣਾ ਬੁਲਟ ਮੋਟਰ ਸਾਈਕਲ ਖੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਐਨੇ ਵਿੱਚ ਮੌਂਟੀ ਉੱਥੇ ਆ ਗਿਆ ਅਤੇ ਕਹਿਣ ਲੱਗਾ ਹੈ ਕਿ ਇੱਥੇ ਤਾਂ ਸਿਰਫ਼ ਉਸ ਦੀ ਕਾਰ ਹੀ ਖੜੇਗੀ, ਮੋਟਰ ਸਾਈਕਲ ਨਹੀਂ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਦੇਖਦੇ ਹੀ ਦੇਖਦੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਮੌਂਟੀ ਨੇ ਧੱਕਾ ਮਾਰ ਕੇ ਡਾ. ਅਭਿਸ਼ੇਕ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ। ਰੌਲਾ ਸੁਣ ਕੇ ਗੁਆਂਢੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਮੁਹੱਲੇ ਦੇ ਲੋਕ ਮੌਂਟੀ ਦੀ ਕਾਰ ਵਿੱਚ ਹੀ ਡਾ. ਅਭਿਸ਼ੇਕ ਨੂੰ ਲੈ ਕੇ ਫੋਰਟਿਸ ਹਸਪਤਾਲ ਪਹੁੰਚੇ। ਜਿੱਥੇ ਡਾਕਟਰਾਂ ਨੇ ਅਭਿਸ਼ੇਕ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਨੇ ਦੱਸਿਆ ਕਿ ਜਦੋਂ ਡਾ. ਅਭਿਸ਼ੇਕ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਮੌਂਟੀ ਬਦਸਲੂਕੀ ਕਰਦਾ ਜਾ ਰਿਹਾ ਸੀ। ਅਭਿਸ਼ੇਕ ਨੂੰ ਫੋਰਟਿਸ ਵਿੱਚ ਪਹੁੰਚਾਉਣ ਤੋਂ ਬਾਅਦ ਮੌਂਟੀ ਫ਼ਰਾਰ ਹੈ। ਉਹ (ਮੌਂਟੀ) ਮਕਾਨ ਦੀ ਗਰਾਉਂਡ ਫਲੋਰ ’ਤੇ ਰਹਿੰਦਾ ਹੈ ਜਦੋਂਕਿ ਡਾ. ਅਭਿਸ਼ੇਕ ਉੱਪਰਲੀ ਮੰਜ਼ਲ ’ਤੇ ਰਹਿੰਦਾ ਸੀ। ਪਤਾ ਲੱਗਾ ਹੈ ਕਿ ਮੌਂਟੀ ਖ਼ਿਲਾਫ਼ ਪਹਿਲਾਂ ਵੀ ਦੋ ਲੜਕੀਆਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਡਾ. ਅਭਿਸ਼ੇਕ ਦੀ ਕਿਡਨੀ ਵੀ ਖ਼ਰਾਬ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਦੀ ਵੱਡੀ ਭੈਣ ਨੇ ਉਸ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।
ਫੇਜ਼-11 ਥਾਣਾ ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਅਭਿਸ਼ੇਕ ਦੇ ਪਿਤਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੁਲੀਸ ਨੇ ਮੌਂਟੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਹ ਘਰੋਂ ਫ਼ਰਾਰ ਹੈ। ਥਾਣਾ ਮੁਖੀ ਨੇ ਕਿਹਾ ਕਿ ਮੌਂਟੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਡਾ. ਅਭਿਸ਼ੇਕ ਅਮਰੀਕਾ ਸਮੇਤ ਜਰਮਨੀ ਅਤੇ ਸਵਿੱਚਜਰਲੈਂਡ ਵਿੱਚ ਰਿਸਰਚ ਕਰ ਚੁੱਕੇ ਹਨ। ਕਰੋਨਾ ਪੀਰੀਅਡ ਦੌਰਾਨ ਉਸ ਦੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਸੀ ਤਾਂ ਉਹ ਵਿਦੇਸ਼ ’ਚੋਂ ਵਾਪਸ ਇੰਡੀਆ ਆ ਗਿਆ। ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਪਿਤਾ ਬੀਮਾਰ ਰਹਿਣ ਕਾਰਨ ਪੂਰੇ ਟੱਬਰ ਦੀ ਜ਼ਿੰਮੇਵਾਰੀ ਅਭਿਸ਼ੇਕ ’ਤੇ ਸੀ। ਹਾਲਾਤ ਸੁਖਾਵੇਂ ਹੋਣ ਮਗਰੋਂ ਉਹ ਆਪਣੇ ਸੁਨਹਿਰੀ ਭਵਿੱਖ ਦੀ ਆਸ ਵਿੱਚ ਮੁਹਾਲੀ ਆ ਗਿਆ ਅਤੇ ਆਈਸਰ ਵਿੱਚ ਖੋਜ ਕਾਰਜਾਂ ਵਿੱਚ ਜੁੱਟ ਗਿਆ। ਉਸ ਦੀ ਵੱਡੀ ਭੈਣ ਦੇ ਦੱਸਣ ਮੁਤਾਬਕ ਬਚਪਨ ਤੋਂ ਅਭਿਸ਼ੇਕ ਦਾ ਸੁਪਨਾ ਡਾਕਟਰ ਬਣਨ ਦਾ ਸੀ ਪਰ ਉਹ ਵਿਗਿਆਨੀ ਬਣ ਗਿਆ। ਆਈਸਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਹੋਣਹਾਰ ਵਿਗਿਆਨੀ ਨੂੰ ਖੋਹ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…