ਅਮਰੀਕਾ-ਆਧਾਰਿਤ ਪਵਿੱਤਰ-ਹੁਸਨਦੀਪ ਗੈਂਗ ਦੀ ਹਮਾਇਤ ਪ੍ਰਾਪਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼, 3 ਕਾਬੂ

ਪੰਜਾਬ ਵਿੱਚ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ ਮੁਲਜ਼ਮ: ਡੀਜੀਪੀ

ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੀ ਅਸਲ ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ ਮੁਲਜ਼ਮ

ਨਬਜ਼-ਏ-ਪੰਜਾਬ, ਮੁਹਾਲੀ, 29 ਮਾਰਚ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐਸਐਸਓਸੀ) ਮੁਹਾਲੀ ਨੇ ਅਮਰੀਕਾ-ਆਧਾਰਿਤ ਚੌੜਾ ਮਧਰੇ ਗੈਂਗ ਦੇ ਪਵਿੱਤਰ ਚੌੜਾ ਅਤੇ ਹੁਸਨਦੀਪ ਸਿੰਘ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਨੈੱਟਵਰਕ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ .30 ਬੋਰ ਚੀਨੀ ਪਿਸਤੌਲ ਸਮੇਤ 15 ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਮੁਲਜ਼ਮਾਂ ਦੀ ਇੱਕ ਫਾਰਚੂਨਰ ਗੱਡੀ ਵੀ ਜ਼ਬਤ ਕੀਤੀ ਗਈ ਹੈ।
ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਵਜੀਤ ਸਿੰਘ ਉਰਫ਼ ਲਵ ਖੱਖ ਵਾਸੀ ਪਿੰਡ ਖੱਖ ਤਰਨਤਾਰਨ, ਗੁਰਸੇਵਕ ਸਿੰਘ ਉਰਫ਼ ਬੰਬ ਵਾਸੀ ਗੋਇੰਦਵਾਲ ਸਾਹਿਬ ਅਤੇ ਬਹਾਦਰ ਖ਼ਾਨ ਉਰਫ਼ ਖ਼ਾਨ ਭਗੜਾਣਾ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਹਾਲੀ ਸਥਿਤ ਐਸਐਸਓਸੀ ਦੇ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਇਹ ਸਫਲਤਾ ਮੁਹਾਲੀ ਪੁਲੀਸ ਵੱਲੋਂ ਇਸੇ ਗਰੋਹ ਦੇ ਇੱਕ ਹੋਰ ਮੈਂਬਰ ਗੁਰਇਕਬਾਲ ਸਿੰਘ ਉਰਫ਼ ਰੌਬਿਨ ਦੀ ਹਥਿਆਰਾਂ ਸਮੇਤ ਗ੍ਰਿਫ਼ਤਾਰੀ ਦੌਰਾਨ ਕੀਤੀ ਗਈ ਪੁੱਛਗਿੱਛ ਉਪਰੰਤ ਪ੍ਰਾਪਤ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਕਤ ਤਿੰਨੇ ਮੁਲਜ਼ਮ ਕਤਲ, ਇਰਾਦਾ ਕਤਲ, ਡਕੈਤੀ, ਅਸਲਾ ਐਕਟ, ਐਨਡੀਪੀਐਸ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦੇ ਸਨ ਅਤੇ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੀ ਅਸਲ ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨਸ਼ਾ ਤਸਕਰਾਂ ਅਤੇ ਗੈਂਗਸਟਰ ਪਵਿੱਤਰ ਚੌੜਾ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਮਿੱਥ ਕੇ ਕਤਲ ਦੀ ਘਟਨਾਵਾਂ ਅਤੇ ਹੋਰ ਅਪਰਾਧਿਕ/ਗੈਂਗਸਟਰ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਡੂੰਘੀ ਸਾਜ਼ਿਸ਼ ਰਚ ਰਹੇ ਸਨ। ਹਾਲ ਹੀ ਵਿੱਚ ਪਵਿੱਤਰ ਚੌੜਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਉਸਦੇ ਹੋਰ ਮੈਂਬਰਾਂ ਨਾਲ ਮਿਲ ਗਿਆ।
ਹੋਰ ਵੇਰਵੇ ਦਿੰਦਿਆਂ ਡੀਆਈਜੀ (ਕਾਊਂਟਰ ਇੰਟੈਲੀਜੈਂਸ) ਜੇ ਏਲੈਂਚੇਜ਼ੀਅਨ ਨੇ ਦੱਸਿਆ ਕਿ ਭਰੋਸੇਯੋਗ ਸੂਹ ਮਿਲਣ ਉਪਰੰਤ ਐਸਐਸਓਸੀ ਮੁਹਾਲੀ ਦੀਆਂ ਟੀਮਾਂ ਨੇ ਮੁਹਾਲੀ ਦੇ ਇਕ ਫਲੈਟ, ਜਿੱਥੇ ਉਕਤ ਤਿੰਨੋਂ ਮੁਲਜ਼ਮ ਰਹਿ ਰਹੇ ਸਨ, ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਆਧੁਨਿਕ ਹਥਿਆਰ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਜੀਤ ਸਿੰਘ ਉਰਫ਼ ਲਵ ਖੱਖ ਭਗੌੜਾ (ਪੀਓ) ਹੈ, ਜਦਕਿ ਗੁਰਸੇਵਕ ਬੰਬ ਤਰਨਤਾਰਨ ਪੁਲੀਸ ਵੱਲੋਂ ਇਰਾਦਾ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਇਸ ਮਾਮਲੇ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…