Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਨਾਜਾਇਜ਼ ਅਸਲਾ ਤੇ ਸੋਨੇ ਦੇ ਗਹਿਣੇ, ਮੋਬਾਈਲ ਫੋਨ ਤੇ ਵਾਹਨ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ, 4 ਅਪਰੈਲ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਗੰਨ ਪੁਆਇੰਟ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਮੁਹਾਲੀ ਦੇ ਐਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੁੱਟ-ਖੋਹ ਕੀਤੇ ਸੋਨੇ ਦੇ ਗਹਿਣੇ, ਮੋਬਾਈਲ ਫੋਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਚੋਰੀ ਕੀਤੇ ਵਾਹਨਾਂ ਸਮੇਤ ਦੋ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ। ਐਸਪੀ ਜਯੋਤੀ ਯਾਦਵ ਨੇ ਦੱਸਿਆ ਕਿ ਡੀਐਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਲੁੱਟਾਂ-ਖੋਹਾਂ, ਚੋਰੀਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਮੁਲਜ਼ਮ ਸੰਤੋਸ਼ ਉਰਫ਼ ਪੰਡਤ ਵਾਸੀ ਬੁੜੈਲ, ਵਿਕਰਮ ਮਸੀਹ ਉਰਫ਼ ਰਾਜਾ ਅਤੇ ਵਿਲੀਅਮ ਮਸੀਹ ਉਰਫ਼ ਕਾਲੀ ਦੋਵੇਂ ਵਾਸੀ ਪਿੰਡ ਮਾਹਲ (ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਰਾਮ ਰਾਜਾ ਅਤੇ ਕਾਲੀ ਮੌਜੂਦਾ ਸਮੇਂ ਵਿੱਚ ਮੁਹਾਲੀ ਨੇੜਲੇ ਪਿੰਡ ਮਾਣਕਪੁਰ ਕੱਲਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਐਸਪੀ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਸੀਆਈਏ ਸਟਾਫ਼ ਦੀ ਟੀਮ ਕਿਲਾ ਕੰਪਲੈਕਸ ਖਰੜ ਨੇੜੇ ਮੌਜੂਦ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਆਪਸ ਵਿੱਚ ਮਿਲ ਕੇ ਲੁੱਟਾਂ-ਖੋਹਾਂ ਕਰਦੇ ਹਨ। ਇਨ੍ਹਾਂ ਦੇ ਕਈ ਹੋਰ ਸਾਥੀ ਵਾਰਦਾਤਾਂ ਵਿੱਚ ਸ਼ਾਮਲ ਹਨ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਵਾਹਨ ਚੋਰੀ ਕਰਦੇ ਸਨ। ਮੁਲਜ਼ਮਾਂ ਕੋਲੋਂ ਇੱਕ ਐਕਟਿਵਾ, ਬੁਲਟ ਮੋਟਰ ਸਾਈਕਲ ਅਤੇ ਇੱਕ ਆਟੋ ਬਰਾਮਦ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਪੁਲੀਸ ਕੋਲ ਮੰਨਿਆਂ ਕਿ ਉਨ੍ਹਾਂ ਨੇ ਫੇਜ਼-11, ਮੁਹਾਲੀ ਤੋਂ ਐਕਟਿਵਾ, ਜਗਤਪੁਰਾ ਤੋਂ ਬੁਲਟ ਮੋਟਰ ਸਾਈਕਲ ਅਤੇ ਏਅਰਪੋਰਟ ਸੜਕ ਨੇੜੇ ਲਗਦੀ ਸਬਜ਼ੀ ’ਚੋਂ ਇੱਕ ਆਟੋ ਚੋਰੀ ਕੀਤਾ ਸੀ। ਮੁਲਜ਼ਮਾਂ ਨੇ ਬੀਤੀ 8 ਮਾਰਚ ਨੂੰ ਦੇਰ ਰਾਤ ਆਈਟੀ ਸਿਟੀ ਥਾਣਾ ਏਰੀਆ ਵਿੱਚ ਗੰਨ ਪੁਆਇੰਟ ’ਤੇ ਚਾਲਕ ਕੋਲੋਂ ਇੱਕ ਮਾਰੂਤੀ ਵੈਗਨਾਰ ਕਾਰ, ਮੋਬਾਈਲ ਫੋਨ ਅਤੇ ਪਰਸ ਖੋਹਿਆ ਸੀ। ਉਸੇ ਰਾਤ ਵੈਗਨਾਰ ਵਿੱਚ ਸਵਾਰ ਹੋ ਕੇ ਜਤਿਨ ਨਾਂ ਦੇ ਵਿਅਕਤੀ ਕੋਲੋਂ ਬਿੱਗ ਬਾਜ਼ਾਰ ਜ਼ੀਰਕਪੁਰ ਤੋਂ ਉਸ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਖੋਹਿਆ ਸੀ। ਬਾਅਦ ਵਿੱਚ ਵੈਗਨਾਰ ਕਾਰ ਨੂੰ ਏਅਰਪੋਰਟ ਸੜਕ ’ਤੇ ਲਾਵਾਰਿਸ ਹਾਲਤ ਵਿੱਚ ਖੜੀ ਕਰਕੇ ਫਰਾਰ ਹੋ ਗਏ ਸੀ। ਇਸੇ ਤਰ੍ਹਾਂ ਮੁਲਜ਼ਮਾਂ ਨੇ ਬੀਤੀ 23 ਮਾਰਚ ਨੂੰ ਆਈਟੀ ਸਿਟੀ ਏਰੀਆ ਵਿੱਚ ਫਾਰਚੂਨਰ ਗੱਡੀ ਵਿੱਚ ਸਬਜ਼ੀ ਖਰੀਦਣ ਆਏ ਇੱਕ ਜੋੜੇ ਨੂੰ ਹਥਿਆਰਾਂ ਅਤੇ ਚਾਕੂ ਦੀ ਨੋਕ ’ਤੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਲੁੱਟੇ ਸਨ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਫੇਜ਼-11 ਤੋਂ ਮੋਬਾਈਲ, ਸੈਕਟਰ-67, ਫੇਜ਼-11 ਨੇੜੇ ਸੀਪੀ-67 ਮਾਲ, ਸੈਕਟਰ-67 ਤੋਂ ਸੈਕਟਰ-80 ਦੀਆਂ ਲਾਈਟਾਂ ਤੋਂ ਆਈਸ਼ਰ ਚੌਕ, ਸੈਕਟਰ-82, ਫੇਜ਼-7, ਸਨਅਤੀ ਏਰੀਆ ਫੇਜ਼-8ਬੀ, ਫੇਜ਼-9 ਵਿੱਚ ਮੋਬਾਈਲ ਫੋਨ ਖੋਹਣ ਅਤੇ ਸਨੈਚਿੰਗ ਦੀਆਂ ਅਨੇਕਾਂ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਲੁੱਟਾਂ-ਖੋਹਾਂ, ਚੋਰੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਬਾਰੇ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ