Share on Facebook Share on Twitter Share on Google+ Share on Pinterest Share on Linkedin ਮਾਈ ਭਾਗੋ ਇੰਸਟੀਚਿਊਟ ਦੀਆਂ ਤਿੰਨ ਕੈਡਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਮਿਲਿਆ ਕਮਿਸ਼ਨ ਅਮਨ ਅਰੋੜਾ ਨੇ ਕੈਡਿਟਾਂ ਨੂੰ ਮਾਣਮੱਤੀ ਪ੍ਰਾਪਤੀ ਤੇ ਹਵਾਈ ਸੈਨਾ ਵਿੱਚ ਸੁਨਹਿਰੀ ਭਵਿੱਖ ਲਈ ਦਿੱਤੀਆਂ ਸ਼ੁੱਭਕਾਮਨਾਵਾਂ ਨਬਜ਼-ਏ-ਪੰਜਾਬ, ਮੁਹਾਲੀ, 14 ਜੂਨ: ਪੰਜਾਬ ਸਰਕਾਰ ਦੇ ਮੁਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਤਿੰਨ ਸਾਬਕਾ ਕੈਡਟਾਂ ਹਰਨੂਰ ਸਿੰਘ, ਕ੍ਰਿਤੀ ਐਸ ਬਿਸ਼ਟ ਅਤੇ ਅਲੀਸ਼ਾ ਨੂੰ ਅੱਜ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫ਼ਲਤਾਪੂਰਵਕ ਪਾਸਆਊਟ ਹੋਣ ਉੱਤੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਉਨ੍ਹਾਂ ਨੂੰ ਇੱਕ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਵਿੱਚ ਕਮਿਸ਼ਨ ਦਿੱਤਾ ਗਿਆ, ਜਿਸ ਦਾ ਨਿਰੀਖਣ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕੀਤਾ। ਕਾਬਿਲੇਗੌਰ ਹੈ ਕਿ ਫਲਾਇੰਗ ਅਫ਼ਸਰ ਹਰਨੂਰ ਸਿੰਘ ਅਤੇ ਅਲੀਸ਼ਾ ਨੂੰ ਸਿੱਖਿਆ ਸ਼ਾਖਾ ਵਿੱਚ ਕਮਿਸ਼ਨ ਮਿਲਿਆ ਹੈ, ਜਦੋਂਕਿ ਫਲਾਇੰਗ ਅਫ਼ਸਰ ਕ੍ਰਿਤੀ ਐਸ ਬਿਸ਼ਟ ਨੂੰ ਹਵਾਈ ਸੈਨਾ ਦੀ ਪ੍ਰਸ਼ਾਸਨ ਸ਼ਾਖਾ ਵਿੱਚ ਫਲਾਈਟ ਕੰਟਰੋਲਰ ਵਜੋਂ ਕਮਿਸ਼ਨ ਮਿਲਿਆ ਹੈ। ਫਲਾਇੰਗ ਅਫ਼ਸਰ ਹਰਨੂਰ ਸਿੰਘ ਪਠਾਨਕੋਟ ਦੇ ਰਹਿਣ ਵਾਲੇ ਵਿਕਰਮ ਸਿੰਘ ਬੈਂਸ ਦੀ ਧੀ ਹੈ, ਜੋ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹਨ। ਫਲਾਇੰਗ ਅਫ਼ਸਰ ਕ੍ਰਿਤੀ ਐਸ. ਬਿਸ਼ਟ ਦੇ ਪਿਤਾ ਸ਼ਕਤੀ ਸ਼ਰਨ ਸਿੰਘ ਪੀਏਸੀਐਲ, ਨੰਗਲ ਵਿਖੇ ਸੀਨੀਅਰ ਇੰਜੀਨੀਅਰ ਹਨ। ਫਲਾਇੰਗ ਅਫ਼ਸਰ ਅਲੀਸ਼ਾ ਦੇ ਪਿਤਾ ਸੁਨੀਲ ਦੱਤ ਜੋ ਜਲੰਧਰ ਨਾਲ ਸਬੰਧ ਰੱਖਦੇ ਹਨ, ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹਨ। ਇਨ੍ਹਾਂ ਮਹਿਲਾ ਕੈਡਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੀ ਸਫ਼ਲਤਾ ਪੰਜਾਬ ਦੀਆਂ ਹੋਰਨਾਂ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਣ ਦਾ ਟੀਚਾ ਰੱਖਣ ਵਾਲੀ ਕੁੜੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜੁਲਾਈ, 2023 ਵਿੱਚ ਮਾਈ ਭਾਗੋ ਇੰਸਟੀਚਿਊਟ ਵਿਖੇ ਕੁੜੀਆਂ ਲਈ ਐਨਡੀਏ ਪ੍ਰੈਪਰੇਟਰੀ ਵਿੰਗ ਵੀ ਸਥਾਪਿਤ ਕੀਤਾ, ਜਿਸ ਦਾ ਦੂਜਾ ਬੈਚ ਇਸ ਸਮੇਂ ਸਿਖਲਾਈ ਲੈ ਰਿਹਾ ਹੈ। ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਇਨ੍ਹਾਂ ਤਿੰਨ ਕੈਡਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੇ ਹਥਿਆਰਬੰਦ ਸੈਨਾਵਾਂ ਵਿੱਚ ਹੋਰ ਲੜਕੀਆਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਹੋਰ ਪ੍ਰਫੁੱਲਤ ਕਰੇਗੀ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਣ ਵਾਲੀਆਂ ਕੈਡਟਾਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ