nabaz-e-punjab.com

ਸ਼੍ਰੋਮਣੀ ਕਮੇਟੀ ਵੱਲੋਂ ਚੱਪੜਚਿੜੀ ਤੋਂ ਐਤਵਾਰ ਨੂੰ ਕੱਢਿਆ ਜਾਵੇਗਾ ‘ਸਰਹਿੰਦ ਫਤਿਹ ਮਾਰਚ’

ਨਬਜ਼-ਏ-ਪੰਜਾਬ, ਮੁਹਾਲੀ, 11 ਮਈ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਕਲਾਂ ਸਥਿਤ ਗੁਰਦੁਆਰਾ ਸ੍ਰੀ ਫਤਿਹ-ਏ-ਜੰਗ ਸਾਹਿਬ ਵਿਖੇ ਸਰਹਿੰਦ ਫਤਿਹ ਦਿਵਸ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੂਜੇ ਦਿਨ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤ ਨੂੰ ਸਿੱਖ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲੜੀਆਂ ਜੰਗਾਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਐਸਜੀਪੀਸੀ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਜਿੰਦਬੜੀ ਨੇ ਦੱਸਿਆ ਕਿ ਭਲਕੇ 12 ਮਈ ਨੂੰ ਸਵੇਰੇ 9 ਵਜੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਿੱਖ ਆਗੂਆਂ ਵੱਲੋਂ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਅਰਦਾਸ ਤੋਂ ਬਾਅਦ ਸ਼ਹੀਦਾਂ ਦੇ ਖੂਨ ਨਾਲ ਰੰਗੀ ਚੱਪੜਚਿੜੀ ਦੀ ਪਵਿੱਤਰ ਧਰਤੀ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਸਰਹਿੰਦ ਫਤਿਹ ਮਾਰਗ ਕੱਢਿਆ ਜਾਵੇਗਾ। ਇਸ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਫਤਿਹ ਮਾਰਚ ਵਿੱਚ ਘੋੜ ਸਵਾਰ ਨਿਹੰਗ ਸਿੰਘਾਂ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਇਲਾਕੇ ਸੰਗਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।
ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਮੁਗਲ ਫੌਜਾਂ ਨਾਲ ਲੋਹਾ ਲੈਂਦਿਆਂ ਸੂਬਾ ਸਰਹਿੰਦ ਵਜੀਦ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹਾਦਤ ਦਾ ਬਦਲਾ ਲਿਆ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ। ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੱਲੋਂ ਚੱਪੜਚਿੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰੀ ਅਤੇ ਦੇਸ਼ ਦੀ ਸਭ ਤੋਂ ਉੱਚੀ 328 ਫੁੱਟ ਉੱਚੀ ਫਤਿਹ ਮੀਨਾਰ ਸਥਾਪਿਤ ਕਰਕੇ ਸਿੰਘ ਸ਼ਹੀਦਾਂ ਨੂੰ ਸਿੱਜਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਪਰਿਵਰਤਨ ਤੋਂ ਬਾਅਦ ਕਾਂਗਰਸ ਅਤੇ ‘ਆਪ’ ਸਰਕਾਰ ਨੇ ਚੱਪੜਚਿੜੀ ਜੰਗੀ ਯਾਦਗਾਰੀ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਕੀਤੀ। ਜਿੱਥੋਂ ਸਰਹਿੰਦ ਫਤਿਹ ਮਾਰਚ ਲੰਘੇਗਾ, ਉਸ ਮਾਰਗ ਚੱਪੜਚਿੜੀ ਲਿੰਕ ਸੜਕ ਦੀ ਹਾਲਤ ਵੀ ਬਹੁਤ ਖਸਤਾ ਬਣੀ ਹੋਈ ਹੈ।
ਇਸ ਮੌਕੇ ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ, ਸੋਹਨ ਸਿੰਘ, ਜਗਤਾਰ ਸਿੰਘ, ਚੱਪੜਚਿੜੀ ਖੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ, ਸੁਖਵਿੰਦਰ ਸਿੰਘ ਚੱਪੜਚਿੜੀ, ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਤਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਦਸਮੇਸ਼ ਵੈੱਲਫੇਅਰ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਕਥਾਵਾਚਕ ਭਾਈ ਇੰਦਰਜੀਤ ਸਿੰਘ, ਗਿਆਨੀ ਚਰਨਜੀਤ ਸਿੰਘ, ਗਿਆਨੀ ਮੇਘ ਸਿੰਘ, ਗ੍ਰੰਥੀ ਗਿਆਨੀ ਸੁਖਦੇਵ ਸਿੰਘ ਤੇ ਗਿਆਨੀ ਭੁਪਿੰਦਰ ਸਿੰਘ, ਸਿੱਖ ਚਿੰਤਕ ਸੁਰਿੰਦਰ ਸਿੰਘ ਕ੍ਰਿਸ਼ਨਪੁਰਾ, ਜਗਜੀਤ ਸਿੰਘ ਸਿੱਧੂ, ਗੁਰਦੇਵ ਸਿੰਘ, ਗੁਰਮੀਤ ਸਿੰਘ, ਸਨਦੀਪ ਸਿੰਘ, ਜਗਦੀਪ ਸਿੰਘ, ਕੁਲਵਿੰਦਰ ਸਿੰਘ, ਤਰਜਿੰਦਰ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਭਾਈ ਕੰਵਲਜੀਤ ਸਿੰਘ, ਭਾਈ ਕੁਲਦੀਪ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…