ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਪੇਅ-ਪੈਰਿਟੀ ਮੁੱਦੇ ’ਤੇ ਮੁੱਖ ਮੰਤਰੀ ਦਾ ਨਿੱਜੀ ਦਖ਼ਲ ਮੰਗਿਆ

ਪੇਅ-ਪੈਰਿਟੀ ਵੈਟਰਨਰੀ ਡਾਕਟਰਾਂ ਲਈ ਰੁਤਬੇ ’ਤੇ ਮਾਣ-ਸਨਮਾਨ ਦਾ ਵਿਸ਼ਾ: ਡਾ. ਵਾਲੀਆ

ਨਬਜ਼-ਏ-ਪੰਜਾਬ, ਮੁਹਾਲੀ, 14 ਅਗਸਤ:
ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਦੀ ਇੱਥੇ ਹੋਈ ਸੂਬਾ ਪੱਧਰੀ ਮੀਟਿੰਗ ਦੌਰਾਨ ਪੰਜਾਬ ਸਟੇਟ ਵੈਟਰਨਰੀ ਕੌਂਸਲ ਦੇ ਮੈਂਬਰ ਅਤੇ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਸੰਯੁਕਤ ਡਾਇਰੈਕਟਰ ਡਾ. ਗੁਰਿੰਦਰ ਸਿੰਘ ਵਾਲੀਆ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਿਤਿਨ ਗੁਪਤਾ ਨੇ ਵੈਟਰਨਰੀ ਡਾਕਟਰਾਂ ਦੇ ਪੇਅ-ਪੈਰਿਟੀ ਸਬੰਧੀ ਭਖ ਰਹੇ ਮਸਲੇ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਵੱਖ-ਵੱਖ ਪਸ਼ੂ ਪਾਲਣ ਮੰਤਰੀਆਂ ਵੱਲੋਂ ਭਰੋਸੇ ਦੇਣ ਦੇ ਬਾਵਜੂਦ ਇਸ ਜਾਇਜ਼ ਮੰਗ ਨੂੰ ਅਜੇ ਤਾਈਂ ਬੂਰ ਨਹੀਂ ਪਿਆ।
ਉਨ੍ਹਾਂ ਕਿਹਾ ਕਿ ਵੈਟਰਨਰੀ ਅਫ਼ਸਰਾਂ ਦੀ ਤਨਖ਼ਾਹ ਪਿਛਲੇ ਚਾਰ ਦਹਾਕੇ ਤੋਂ ਵੱਧ ਸਮੇਂ ਤੋਂ ਮੈਡੀਕਲ ਅਤੇ ਡੈਂਟਲ ਅਫ਼ਸਰਾਂ ਦੇ ਬਰਾਬਰ ਹੈ, ਇਹ ਬਰਾਬਰਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅਹਿਮ ਫ਼ੈਸਲੇ ਉਪਰੰਤ ਲਾਗੂ ਹੋਈ ਸੀ ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਦੇ ਅੰਤਿਮ ਪੜਾਅ ਦੌਰਾਨ ਵਿੱਤ ਵਿਭਾਗ ਵਿੱਚ ਕਲੈਰੀਕਲ ਪੱਧਰ ’ਤੇ ਹੋਈ ਉਤਣਾਈ ਕਾਰਨ ਉਨ੍ਹਾਂ ਦੀ ਤਨਖ਼ਾਹ ਘਟਾ ਕੇ ਪੇਅ-ਪੈਰਿਟੀ ਨੂੰ ਤੋੜ ਦਿੱਤਾ ਗਿਆ। ਡਾ. ਵਾਲੀਆ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ ਤਾਂ ਜੋ ਵੈਟਰਨਰੀ ਭਾਈਚਾਰੇ ਲਈ ਇਨਸਾਫ਼ ਯਕੀਨੀ ਬਣਾਇਆ ਜਾ ਸਕੇ ਅਤੇ ਵਿੱਤ ਵਿਭਾਗ ਦੇ ਜ਼ਿੰਮੇਵਾਰ ਸਟਾਫ਼ ਵਿਰੁੱਧ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਲਗਾਤਾਰ ਤਨਖ਼ਾਹ ਕਮਿਸ਼ਨਾਂ ਦੀਆਂ ਸਿਫ਼ਾਰਸ਼ਾਂ ਅਤੇ ਪੈਰਿਟੀ ਸਬੰਧੀ ਹਾਈਕੋਰਟ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਵੈਟਰਨਰੀ ਅਫ਼ਸਰਾਂ ਸਕੇਲ ਘਟਾਉਣ ਲਈ ਸਰਕਾਰ ਨੂੰ ਗੁੰਮਰਾਹ ਕੀਤਾ ਸੀ।
ਕਾਬਿਲੇਗੌਰ ਹੈ ਕਿ ਵੈਟਰਨਰੀ ਅਫ਼ਸਰਾਂ ਵੱਲੋਂ ਤਨਖ਼ਾਹ ਬਰਾਬਰੀ ਲਈ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ 25 ਜੂਨ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੁਝ ਕੇਂਦਰੀ ਸਕੀਮਾਂ ਤੋਂ ਇਲਾਵਾ ਗਊਆਂ, ਮੱਝਾਂ ਵਿੱਚ ਬਨਾਵਟੀ ਗਰਭਦਾਨ ਅਤੇ ਹੋਰ ਸਾਰੇ ਕੈਂਪਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।
ਪਸ਼ੂ ਪਾਲਣ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਸੰਜੀਵ ਖੋਸਲਾ, ਸਾਬਕਾ ਸੰਯੁਕਤ ਨਿਰਦੇਸ਼ਕ ਡਾ. ਐੱਨ.ਪੀ. ਥਮਨ ਅਤੇ ਡਾ. ਦੇਸ਼ ਦੀਪਕ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 4-9-14 ਨੂੰ ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੇਸ਼ਨ ਸਕੀਮ (ਡੀਏਸੀਪੀ) ਨੂੰ ਨੋਟੀਫਾਈ ਕਰਨ ਵਿੱਚ ਦਿਖਾਈ ਜਾ ਢਿੱਲ-ਮੱਠ ਅਤੇ ਤਨਖ਼ਾਹ ਘਟਾਉਣ ਤੋਂ ਨਿਰਾਸ਼ ਕਈ ਵੈਟਰਨਰੀ ਅਫ਼ਸਰ ਵੀਆਰਐਸ (ਵਲੰਟਰੀ ਰਿਟਾਇਰਮੈਂਟ ਸਕੀਮ) ਦੀ ਮੰਗ ਕਰ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਪਰਵਾਸ ਕਰ ਰਹੇ ਹਨ, ਜਿੱਥੇ ਉਨ੍ਹਾਂ ਦੇ ਹੁਨਰ ਨੂੰ ਨਾ ਸਿਰਫ਼ ਸਰਕਾਰੀ, ਸਗੋਂ ਨਿੱਜੀ ਖੇਤਰ ਵਿੱਚ ਵੀ ਢੁਕਵਾਂ ਮੁਆਵਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਖੇਤਰ ਵਿੱਚ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਵੈਟਰਨਰੀ ਡਾਕਟਰ ਜ਼ਮੀਨੀ ਪੱਧਰ ’ਤੇ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਲਈ ਉਹ ਪੇਂਡੂ ਆਰਥਿਕਤਾ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…