nabaz-e-punjab.com

ਕਿਰਤੀਆਂ ਲਈ ਵੱਡਾ ਸਹਾਰਾ ਬਣਿਆ ਪੰਜਾਬ ਲੇਬਰ ਵੈੱਲਫੇਅਰ ਬੋਰਡ

ਪਿਛਲੇ ਸਾਲ ਵਿੱਚ ਮੁਹਾਲੀ ਸਰਕਲ ਦੇ 880 ਕਿਰਤੀਆਂ ਨੂੰ ਦਿੱਤਾ 2 ਕਰੋੜ 76 ਲੱਖ 93 ਹਜ਼ਾਰ 600 ਰੁਪਏ ਦਾ ਲਾਭ
ਸਹਾਇਕ ਕਿਰਤ ਕਮਿਸ਼ਨਰ ਨੇ ਕਿਰਤੀਆਂ ਨੂੰ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀ ਬਿਹਤਰੀ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਲੇਬਰ ਵੈੱਲਫੇਅਰ ਬੋਰਡ ਵੱਲੋਂ ਪਿਛਲੇ ਸਾਲ ਦੌਰਾਨ ਐਸ.ਏ.ਐਸ. ਨਗਰ (ਮੁਹਾਲੀ) ਸਰਕਲ ਅਧੀਨ ਆਉਂਦੇ 880 ਰਜਿਸਟਰਡ ਕਾਮਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 2 ਕਰੋੜ 76 ਲੱਖ 93 ਹਜ਼ਾਰ 600 ਰੁਪਏ ਦਾ ਲਾਭ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬੋਰਡ ਵੱਲੋਂ ਕਿਰਤੀਆਂ ਦੀ ਬਿਹਤਰੀ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਲਾਭ ਰਜਿਸਟਰਡ ਕਾਮਿਆਂ ਨੂੰ ਹੀ ਮਿਲਦਾ ਹੈ। ਉਨ੍ਹਾਂ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਰਜਿਸਟਰੇਸ਼ਨ ਕਰਵਾ ਕੇ ਬੋਰਡ ਦੀਆਂ ਸਕੀਮਾਂ ਦਾ ਲਾਭ ਲੈਣ।
ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਲੇਬਰ ਵੈੱਲਫੇਅਰ ਬੋਰਡ ਵੱਲੋਂ ਵਜ਼ੀਫ਼ਾ ਸਕੀਮ ਚਲਾਈ ਜਾ ਰਹੀ ਹੈ। ਜਿਸ ਤਹਿਤ ਰਜਿਸਟਰਡ ਕਿਰਤੀਆਂ ਦੇ ਛੇਵੀਂ ਤੋਂ ਅੱਠਵੀਂ ਤੱਕ ਪੜ੍ਹਦੇ ਲੜਕਿਆਂ ਲਈ 5 ਹਜ਼ਾਰ ਰੁਪਏ ਅਤੇ ਲੜਕੀਆਂ ਲਈ 7 ਹਜ਼ਾਰ ਰੁਪਏ, ਨੌਵੀਂ ਅਤੇ ਦਸਵੀਂ ਵਿੱਚ ਪੜਦੇ ਲੜਕਿਆਂ ਲਈ 10 ਹਜ਼ਾਰ ਰੁਪਏ ਅਤੇ ਲੜਕੀਆਂ ਲਈ 13 ਹਜ਼ਾਰ ਰੁਪਏ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਵਿੱਚ ਪੜ੍ਹਦੇ ਲੜਕਿਆਂ ਲਈ 20 ਹਜ਼ਾਰ ਅਤੇ ਲੜਕੀਆਂ ਲਈ 25 ਹਜ਼ਾਰ ਰੁਪਏ ਪ੍ਰਤੀ ਸਾਲ ਵਜ਼ੀਫ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਦਿਆਰਥੀ (ਗਰੈਜੂਏਟ ਕੋਰਸਾਂ), ਆਈਟੀਆਈ/ਪੌਲੀਟੈਕਨਿਕ ਤੇ ਤਕਨੀਕੀ ਕੋਰਸ/ਬੀਐਸਸੀ ਨਰਸਿੰਗ ਲਈ ਲੜਕਿਆਂ ਲਈ 40 ਹਜ਼ਾਰ ਰੁਪਏ (ਸਮੇਤ ਹੋਸਟਲ ਫੀਸ) ਅਤੇ ਲੜਕੀਆਂ ਲਈ 45 ਹਜ਼ਾਰ ਰੁਪਏ (ਸਮੇਤ ਹੋਸਟਲ ਫੀਸ), ਮੈਡੀਕਲ/ਇੰਜੀਨੀਅਰਿੰਗ ਡਿਗਰੀ ਕੋਰਸ/ਬੀਈ/ਐਮਬੀਬੀਐਸ ਲਈ ਲੜਕਿਆਂ ਲਈ 60 ਹਜ਼ਾਰ ਸਮੇਤ ਹੋਸਟਲ ਫੀਸ ਅਤੇ ਲੜਕੀਆਂ ਲਈ 70 ਹਜ਼ਾਰ ਰੁਪਏ ਸਮੇਤ ਹੋਸਟਲ ਫੀਸ ਪ੍ਰਤੀ ਸਾਲ ਦਾ ਵਜ਼ੀਫ਼ਾ ਦਿੱਤਾ ਜਾਂਦਾ ਹੈ।
ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬੋਰਡ ਦੀ ਸ਼ਗਨ ਸਕੀਮ ਤਹਿਤ ਸਨਅਤੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਅਤੇ ਇਸਤਰੀ ਕਿਰਤੀ ਦੀ ਆਪਣੀ ਸ਼ਾਦੀ ਲਈ 31 ਹਜ਼ਾਰ ਰੁਪਏ ਦਾ ਸ਼ਗਨ ਬੋਰਡ ਵੱਲੋਂ ਦਿੱਤਾ ਜਾਂਦਾ ਹੈ। ਜੇਕਰ ਲਾਭਪਾਤਰੀ ਇਹ ਲਾਭ ਰਾਜ ਸਰਕਾਰ ਦੀ ਕਿਸੇ ਹੋਰ ਸਕੀਮ ਵਿੱਚ ਲੈ ਰਿਹਾ ਹੈ ਤਾਂ ਵੀ ਉਸ ਨੂੰ ਇਹ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਕਿਰਤੀਆਂ ਦੀ ਹਾਦਸੇ ਕਾਰਨ ਮੌਤ ਹੋਣ ਜਾਂ ਪੂਰਨ ਰੂਪ ਵਿੱਚ ਅਪੰਗ ਹੋਣ ’ਤੇ 2 ਲੱਖ ਰੁਪਏ ਦੀ ਰਾਸ਼ੀ ਅਤੇ ਕੁਦਰਤੀ ਮੌਤ ਹੋਣ ’ਤੇ 1.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਬੋਰਡ ਦੀਆਂ ਹੋਰ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਿਰਤੀ ਕੰਪਿਊਟਰ, ਮੋਟਰਸਾਇਕਲ, ਸਾਈਕਲ, ਸਲਾਈ ਮਸ਼ੀਨ, ਪੱਖੇ, ਲੜਕੀ ਦੀ ਸ਼ਾਦੀ, ਕਣਕ ਖ਼ਰੀਦਣ ਆਦਿ ਲਈ ਬੋਰਡ ਤੋਂ ਬਿਨਾ ਵਿਆਜ ਕਰਜ਼ਾ ਲੈ ਸਕਦੇ ਹਨ। ਸਨਅਤੀ ਕਿਰਤੀਆਂ ਨੂੰ ਧਾਰਮਿਕ/ਇਤਿਹਾਸਿਕ ਸਥਾਨਾਂ ਆਦਿ ’ਤੇ ਜਾਣ ਲਈ 2 ਸਾਲ ਵਿੱਚ ਇਕ ਵਾਰ 2 ਹਜ਼ਾਰ ਰੁਪਏ ਦੀ ਸਹੂਲਤ ਐਲਟੀਸੀ ਵਜੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖਤਰਨਾਕ ਬਿਮਾਰੀਆਂ ਜਿਵੇਂ ਕਿ ਕੈਂਸਰ ਦਾ ਇਲਾਜ, ਹਾਰਟ ਸਰਜਰੀ ਜਾਂ ਕਿਡਨੀ ਟਰਾਂਸਪਲਾਂਟ ਲਈ ਕਿਰਤੀ ਅਤੇ ਉਸ ਦੇ ਪਰਿਵਾਰ ਨੂੰ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜਨਰਲ ਸਰਜਰੀ ਲਈ ਸਾਲ ਵਿੱਚ 20 ਹਜ਼ਾਰ ਰੁਪਏ ਤੱਕ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਦਯੋਗਿਕ ਕਿਰਤੀ ਜਾਂ ਉਸ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਣ ’ਤੇ ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…