Share on Facebook Share on Twitter Share on Google+ Share on Pinterest Share on Linkedin ਵਿਰੋਧੀ ਧਿਰ ਨੇ ਬਜਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਕਾਬਜ਼ ਧਿਰ ’ਤੇ ਸਾਧਦਿਆਂ ਨਿਸ਼ਾਨਾ ਸਾਧਨ ਜੁਟਾਉਣ ਦੀ ਨਹੀਂ ਸਮਰੱਥਾ ਤਾਂ ਅਸਤੀਫ਼ਾ ਦੇਣ ਮੇਅਰ ਤੇ ਸਾਥੀ: ਵਿਰੋਧੀ ਧਿਰ ਨਬਜ਼-ਏ-ਪੰਜਾਬ, ਮੁਹਾਲੀ, 29 ਫਰਵਰੀ: ਮੁਹਾਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਭਲਕੇ 1 ਮਾਰਚ ਨੂੰ ਹੋਣ ਵਾਲੀ ਬਜਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਕਾਬਜ਼-ਧਿਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੇਅਰ ਨੇ 2023-24 ਦੇ ਮੁਕਾਬਲੇ ਇਸ ਵਰ੍ਹੇ ਸਾਲਾਨਾ ਬਜਟ ਦੀ ਰਾਸੀ ਘਟਾ ਦਿੱਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ‘ਆਪ’ ਕੌਂਸਲਰ ਸਰਬਜੀਤ ਸਿੰਘ ਸਮਾਣਾ ਤੇ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੁਹਾਲੀ ਦਾ ਖੇਤਰਫਲ ਲਗਾਤਾਰ ਵਧ ਰਿਹਾ ਹੈ ਅਤੇ ਹਾਊਸ ਟੈਕਸ ਵੀ ਟੀਚੇ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਫਿਰ ਬਜਟ ਘੱਟ ਕਿਉਂ? ਜਦੋਂਕਿ ਸਾਲ 2024-25 ਦੇ ਬਜਟ ਨੂੰ ਨਵੇਂ ਸਰੋਤ ਜੁਟਾ ਕੇ 10 ਫੀਸਦੀ ਵਧਾ ਕੇ ਲਿਆਉਣਾ ਚਾਹੀਦਾ ਸੀ ਪਰ ਕਾਬਜ਼ ਧਿਰ ਨੇ ਪਿਛਲੇ ਸਾਲ ਨਾਲੋਂ ਵੀ ਪੰਜ ਕਰੋੜ ਘਟਾ ਕੇ 16862.00 ਲੱਖ ਰੁਪਏ ਦੀ ਆਮਦਨ ਹੋਣ ਦੀ ਤਜਵੀਜ਼ ਹੈ। ਪਿਛਲੇ ਸਾਲ 17349.55 ਲੱਖ ਰੁਪਏ ਕੁੱਲ ਆਮਦਨ ਦਾ ਟੀਚਾ ਪ੍ਰਵਾਨ ਕੀਤਾ ਗਿਆ ਸੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਬਜਟ ਦਾ ਘਾਟਾ ਸਾਧਨਾਂ ਦੀ ਕਮੀ ਕਰਕੇ ਨਹੀਂ ਸਗੋਂ ਸਾਧਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਕਰਕੇ ਇਹ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਇਸ਼ਤਿਹਾਰਬਾਜ਼ੀ ਲਈ ਯੂਨੀਪੋਲਾਂ ਦੀ ਵਿਕਰੀ ਲਈ ਟੈਂਡਰ ਦੀਆਂ ਸ਼ਰਤਾਂ ਅਜਿਹੀਆਂ ਰੱਖੀਆਂ ਗਈਆਂ ਹਨ। ਜਿਸ ’ਤੇ ਕੋਈ ਸਹਿਮਤ ਨਾ ਹੋ ਸਕੇ ਅਤੇ ਟੈਂਡਰ ਨਾ ਹੋਣ ਦੀ ਸੂਰਤ ਵਿੱਚ ਸਾਰੇ ਇਸ਼ਤਿਹਾਰ ਪੋਲਾਂ ਨੂੰ ਮਨਮਰਜ਼ੀ ਨਾਲ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਆਮਦਨ ਦੇ ਸਾਧਨ ਜੁਟਾਉਣ ਦੇ ਸਮਰੱਥ ਨਹੀਂ ਹਨ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ। ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਜੱਦੋ-ਜਹਿਦ ਕਰਨ ਵਾਲੇ ਕੌਂਸਲਰਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਾ ਮਾੜਾ ਹਾਲ ਹੈ। ਹਰੇਕ ਵਾਰਡ ਵਿੱਚ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਕਾਗਜ਼ਾਂ ਵਿੱਚ ਭਾਵੇਂ ਵੱਧ ਹੈ ਪ੍ਰੰਤੂ ਅਸਲੀਅਤ ਵਿੱਚ ਇਹ ਕਰਮਚਾਰੀ ਵਾਰਡਾਂ ਵਿੱਚ ਕੰਮ ਕਰਨ ਦੀ ਥਾਂ ਕਿੱਧਰੇ ਹੋਰ ਹੀ ਕੰਮ ਕਰ ਰਹੇ ਹਨ। ਤਿੰਨ ਮਹੀਨੇ ਤੋਂ ਮਕੈਨੀਕਲ ਸਫ਼ਾਈ ਲਈ ਮਸ਼ੀਨ ਨਹੀਂ ਖਰੀਦੀ ਜਾ ਰਹੀ। ਜਦੋਂਕਿ ਮੌਜੂਦਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕਮਿਸ਼ਨਰ ਨੂੰ ਪੱਤਰ ਲਿਖ ਕੇ ਮਸ਼ੀਨ ਦੀ ਖ਼ਰੀਦ ਲੇਟ ਹੋਣ ਬਾਰੇ ਪੁੱਛਿਆ ਸੀ। ਉਨ੍ਹਾਂ ਕਿਹਾ ਕਿ ਕਾਬਜ਼-ਧਿਰ ਪੱਤਰ ਲਿਖ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਹੋਣ ਵਾਲੀ ਬਜਟ ਮੀਟਿੰਗ ਵਿੱਚ ਕਾਬਜ਼-ਧਿਰ ਦੀ ਨਾਲਾਇਕੀ ਨੂੰ ਉਜਾਗਰ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਅਰੁਣਾ ਵਿਸ਼ਿਸ਼ਟ, ਗੁਰਪ੍ਰੀਤ ਕੌਰ, ਹਰਜੀਤ ਸਿੰਘ ਬੈਦਵਾਨ, ਰਵਿੰਦਰ ਸਿੰਘ ਬਿੰਦਰਾ, ਅਤੇ ਕਾਂਗਰਸੀ ਕੌਂਸਲਰ ਪ੍ਰਮੋਦ ਮਿੱਤਰਾ ਵੀ ਹਾਜ਼ਰ ਸਨ। ਉਧਰ, ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਵਿਰੋਧੀ ਧਿਰ ਜਾਣਬੁੱਝ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਦਿੱਕਤਾਂ ਖੜੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਜਟ ਮੀਟਿੰਗ ਤੋਂ ਪਹਿਲਾਂ ਹੀ ਰੌਲਾ ਪਾਉਣ ਦੀ ਕੋਈ ਤੁੱਕ ਨਹੀਂ ਬਣਦੀ। ਕਿਉਂਕਿ ਇਹ ਬਿਨਾਂ ਪਾਣੀ ਤੋਂ ਮੌਜ਼ੇ ਕੱਢਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਲਕੇ ਸਵੇਰੇ ਸਾਢੇ 11 ਵਜੇ ਹੋਣ ਵਾਲੀ ਮੀਟਿੰਗ ਵਿੱਚ ਸਾਲ 2024-25 ਦੇ ਵਿਕਾਸ-ਮੁਖੀ ਬਜਟ ’ਤੇ ਹਾਊਸ ਵਿੱਚ ਚਰਚਾ ਕੀਤੀ ਜਾਵੇਗੀ। ਕਾਬਜ਼-ਧਿਰ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਦੀ ਉਸਾਰੂ ਬਹਿਸ ਤੋਂ ਬਾਅਦ ਹੀ ਕੋਈ ਨਿਰਣੇ ਲਿਆ ਜਾਵੇਗਾ ਪ੍ਰੰਤੂ ਵਿਰੋਧੀ ਧਿਰ ਬਜਟ ਪਾਸ ਹੋਣ ਤੋਂ ਪਹਿਲਾਂ ਹੀ ਰੌਲਾ ਪਾ ਕੇ ਬੈਠ ਗਈ। ਮੇਅਰ ਨੇ ਕਿਹਾ ਕਿ ਹਾਊਸ ਵਿੱਚ ਸਾਰਿਆਂ ਨੂੰ ਬੋਲਣ ਅਤੇ ਆਪਣੀ ਰਾਇ ਦੇਣ ਦਾ ਹੱਕ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ