ਪਿੰਡ ਕੁੰਭੜਾ ਵਿੱਚ ਪੇਚਸ਼ ਪੀੜਤਾਂ ਦੀ ਗਿਣਤੀ 89 ਤੱਕ ਪੁੱਜੀ, 14 ਹੋਰ ਨਵੇਂ ਕੇਸ ਸਾਹਮਣੇ ਆਏ

ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਮੁਹਾਲੀ ਪੁਲੀਸ ਵੱਲੋਂ ਪਹਿਲਾ ਕੇਸ ਦਰਜ

ਨਿਗਮ ਕਮਿਸ਼ਨਰ, ਏਡੀਸੀ ਅਤੇ (ਡੀ) ਅਤੇ ਮੈਡੀਕਲ ਟੀਮ ਨੇ ਕੁੰਭੜਾ ਦਾ ਦੌਰਾ ਕਰਕੇ ਲੋਕਾਂ ਨਾਲ ਕੀਤੀ ਗੱਲ

ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਪੇਚਸ਼ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ੁੱਕਰਵਾਰ ਨੂੰ 14 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਬੀਤੇ ਕੱਲ੍ਹ 75 ਪੀੜਤਾਂ ਬਾਰੇ ਰਿਪੋਰਟ ਨਸਰ ਹੋਈ ਸੀ। ਇਸ ਤਰ੍ਹਾਂ ਹੁਣ ਪੀੜਤਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ। ਜਿਨ੍ਹਾਂ ਵਿੱਚ ਹੈਜ਼ੇ ਦੇ ਚਾਰ ਮਰੀਜ਼ ਸ਼ਾਮਲ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਇਸ ਸਮੇਂ ਹੈਜ਼ੇ ਦੇ ਤਿੰਨ ਨਵੇਂ ਕੇਸਾਂ ਸਮੇਤ ਪੇਚਸ਼ ਦੇ ਦਰਜਨ ਪੀੜਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ ਜਦੋਂਕਿ ਬਾਕੀ ਮਰੀਜ਼ਾਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਇਸੇ ਦੌਰਾਨ ਮੁਹਾਲੀ ਨਿਗਮ ਦੀ ਕਮਿਸ਼ਨਰ ਡਾ. ਨਵਜੋਤ ਕੌਰ, ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਅਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਨੇ ਪਿੰਡ ਕੁੰਭੜਾ ਦਾ ਦੌਰਾ ਕਰਕੇ ਜ਼ਮੀਨੀ ਪੱਧਰ ’ਤੇ ਚੱਲ ਰਹੀਆਂ ਪੇਚਸ਼\ਹੈਜ਼ਾ ਰੋਕਥਾਮ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਸਿੱਧੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਕੁੰਭੜਾ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਵਿਭਾਗ ਵੱਲੋਂ ਟਿਊਬਵੈੱਲਾਂ ਰਾਹੀਂ ਅਤੇ ਗਮਾਡਾ ਵੱਲੋਂ ਨਹਿਰੀ ਪਾਣੀ ਸਪਲਾਈ ਕੀਤਾ ਜਾਂਦਾ ਹੈ। ਜਲ ਸਪਲਾਈ ਵਿੱਚ ਨੁਕਸ ਦਾ ਕਾਰਨ/ਜਾਂਚ ਕਰਨ ਲਈ ਆਰਆਰਟੀ (ਰੈਪਿਡ ਰਿਸਪਾਂਸ ਟੀਮਾਂ) ਵੱਲੋਂ ਸਰਵੇਖਣ ਕੀਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ ਸੋਧੇ ਹੋਏ ਨਹਿਰੀ ਪਾਣੀ ਦੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਬੈਕਟੀਰੀਆ ਨੂੰ ਖ਼ਤਮ ਕਰਨ ਲਈ ਸੁਪਰ ਕਲੋਰੀਨੇਸ਼ਨ ਕੀਤੀ ਗਈ ਹੈ। ਬੰਦ ਸੀਵਰੇਜ ਅਤੇ ਵਾਟਰ ਪਾਈਪਲਾਈਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਪਾਣੀ ਦੇ ਸੈਂਪਲ ਜਾਂਚ ਲਈ ਵਾਟਰ ਟੈਸਟਿੰਗ ਲੈਬਾਰਟਰੀ ਵਿੱਚ ਭੇਜੇ ਗਏ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਘਰ/ਦੁਕਾਨ/ਹੋਟਲ/ਪੀਜੀ ਮਾਲਕਾਂ ਵੱਲੋਂ ਪਾਣੀ ਦੇ ਸਟੋਰੇਜ ਟੈਂਕਾਂ ਦੀ ਸਫ਼ਾਈ ਕਰਨ ਵਿੱਚ ਢਿੱਲ-ਮੱਠ ਨੂੰ ਗੰਭੀਰਤਾ ਨਾਲ ਲਿਆ ਹੈ, ਜੋ ਹੈਜ਼ਾ ਅਤੇ ਪੇਚਸ਼ ਦਾ ਵੱਡਾ ਕਾਰਨ ਸਾਬਤ ਹੋ ਰਿਹਾ ਹੈ। ਅਧਿਕਾਰੀਅਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀਐਨਐਸਐਸ) ਦੀ ਧਾਰਾ 163 (1) ਅਧੀਨ ਜਾਰੀ ਰੋਕਥਾਮ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਗਮ ਕਮਿਸ਼ਨਰ, ਈਓ, ਬੀਡੀਪੀਓਜ਼, ਐਕਸੀਅਨ ਪਬਲਿਕ ਹੈਲਥ ਅਤੇ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਲੋਕਹਿੱਤ ਵਿੱਚ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ।
ਮੁਹਾਲੀ ਦੇ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਬੀਐਨਐਸ ਦੀ ਧਾਰਾ 223 ਤਹਿਤ ਸੈਂਟਰਲ ਥਾਣਾ ਫੇਜ਼-8 ਵਿੱਚ ਪਹਿਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਹੁਕਮਾਂ ਦੀ ਉਲੰਘਣਾ ਕਰਕੇ ਆਮ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆਂ ਜਾਵੇਗਾ।
ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਕਿਸੇ ਵੀ ਡਰੇਨ ਪਾਈਪ ਨੂੰ ਸਥਿਤੀ ਆਮ ਹੋਣ ਤੱਕ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਵਿੱਚ ਰਲਣ ਦਾ ਮੂਲ ਕਾਰਨ ਬਣ ਸਕਦੀ ਹੈ। ਕੁੰਭੜਾ ਵਿੱਚ ਬਹੁਤ ਸਾਰੇ ਪੀਜੀ ਹਨ ਜੋ ਧਰਤੀ ਹੇਠਲੇ ਟਿਊਬਵੈੱਲਾਂ ਤੋਂ ਪਾਣੀ ਦੀ ਸਪਲਾਈ ਵਰਤ ਰਹੇ ਹਨ ਅਤੇ ਜ਼ਮੀਨਦੋਜ਼ ਟੈਂਕੀਆਂ ਵਿੱਚ ਪਾਣੀ ਸਟੋਰ ਕਰ ਰਹੇ ਹਨ ਜੋ ਉਸਾਰੀ ਤੋਂ ਬਾਅਦ ਸ਼ਾਇਦ ਇੱਕ ਵਾਰ ਵੀ ਸਾਫ਼ ਨਹੀਂ ਕੀਤੇ ਗਏ ਹਨ। ਇਹ ਪਾਣੀ ਦੇ ਦੂਸ਼ਿਤ ਹੋਣ ਦਾ ਵੱਡਾ ਸਰੋਤ ਹੈ। ਪੀਜੀ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀਆਂ ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਾਫ਼ ਕਰਨ ਨਹੀਂ ਤਾਂ ਕਾਰਵਾਈ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…