ਮੇਅਰ ਤੇ ਕਮਿਸ਼ਨਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਪੈਂਡਿੰਗ ਮੰਗਾਂ ਮੰਨਣ ਦਾ ਭਰੋਸਾ, ਹੜਤਾਲ ਮੁਲਤਵੀ

ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ ਵਧਾਉਣ ਤੇ ਪਬਲਿਕ ਪਖਾਨਿਆਂ ’ਤੇ 4-4 ਕਰਮਚਾਰੀ ਰੱਖਣ ’ਤੇ ਜ਼ੋਰ

ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਮੁਹਾਲੀ ਨਗਰ ਨਿਗਮ ਅਧੀਨ ਕੱਚੇ ਅਤੇ ਪੱਕੇ ਸਫ਼ਾਈ ਸੇਵਕਾਂ ਦੀਆਂ ਪੈਂਡਿੰਗ ਮੰਗਾਂ ਸਬੰਧੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਦਿੱਤੇ ਹੜਤਾਲ ਦੇ ਨੋਟਿਸ ਨੂੰ ਲੈ ਕੇ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਕਮਿਸ਼ਨਰ ਡਾ. ਨਵਜੋਤ ਕੌਰ ਨੇ ਜਥੇਬੰਦੀ ਦੇ ਮੋਹਰੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ, ਐਕਸੀਅਨ ਕਮਲਜੀਤ ਸਿੰਘ, ਕੌਂਸਲਰ ਕਮਲਜੀਤ ਸਿੰਘ ਬੰਨੀ, ਧਰਮਿੰਦਰ ਸਿੰਘ ਅਤੇ ਯੂਨੀਅਨ ਵੱਲੋਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਪ੍ਰਧਾਨ ਜਗਜੀਤ ਸਿੰਘ, ਆਦੇਸ਼ ਕੁਮਾਰ, ਰਾਜਨ ਚਾਵਰੀਆ, ਅਨਿਲ ਕੁਮਾਰ, ਯਸ਼ਪਾਲ, ਰਾਜੂ ਸੰਗੇਲਿਆ, ਸਚਿਨ ਕੁਮਾਰ, ਬ੍ਰਿਜ ਮੋਹਨ ਸਮੇਤ ਹੋਰ ਆਗੂ ਹਾਜ਼ਰ ਸਨ।
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਮੇਅਰ ਅਤੇ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿੱਚ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ, 500 ਰੁਪਏ ਸਪੈਸ਼ਲ ਭੱਤਾ, ਪਿਛਲੇ ਸਮੇਂ ਵਿੱਚ ਹੋਈ ਹੜਤਾਲ ਦੇ 6 ਦਿਨ ਦੇ ਕੱਟੇ ਪੈਸਿਆਂ ਦੀ ਅਦਾਇਗੀ ਕਰਨਾ, ਸ਼ਹਿਰ ਦੀਆਂ ਬੀਟਾ ਅਨੁਸਾਰ ਡੀਸੀ ਰੇਟ ’ਤੇ ਭਰਤੀ ਕਰਨਾ, ਬਾਗਬਾਨੀ ਵਿੰਗ ਦੀ ਤਾਇਨਾਤੀ ਕਰਨਾ, ਸਫ਼ਾਈ ਸੇਵਕਾਂ ਨੂੰ ਵਰਦੀਆਂ, ਮਾਸਕ, ਦਸਤਾਨੇ, ਗਮਬੂਟ, ਬਰਸਾਤੀ ਉਪਲਬਧ ਕਰਾਉਣਾ, ਪਬਲਿਕ ਪਖਾਨਿਆਂ ’ਤੇ ਪਹਿਲਾਂ ਵਾਂਗ 4-4 ਕਰਮਚਾਰੀਆਂ ਦੀ ਤਾਇਨਾਤੀ ਅਤੇ ਪਿਛਲੇ 4 ਮਹੀਨੇ ਦੀ ਬਕਾਇਆ ਤਨਖ਼ਾਹਾਂ ਜਾਰੀ ਕਰਵਾਉਣ ਸਮੇਤ ਹੋਰ ਕਈ ਅਹਿਮ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਸਰਕਾਰੀ ਭਰੋਸੇ ਨੂੰ ਤੋਂ ਬਾਅਦ ਸ਼ਹਿਰ ਵਿੱਚ ਫੈਲੇ ਪੇਚਸ਼\ਹੈਜ਼ੇ ਦੀ ਬਿਮਾਰੀ ਨੂੰ ਦੇਖਦੇ ਹੋਏ ਹੜਤਾਲ ਅੱਗੇ ਟਾਲਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵਾਲਮੀਕੀ ਸਮਾਜ ਅਤੇ ਸਫ਼ਾਈ ਸੇਵਕਾਂ ਵੱਲੋਂ ਫ਼ੈਸਲਾਕੁਨ ਹੜਤਾਲ ਕੀਤੀ ਜਾਵੇਗੀ ਅਤੇ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…