‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਬਲੌਂਗੀ ਵਿੱਚ ਸਫ਼ਾਈ ਮੁਹਿੰਮ ਦਾ ਆਗਾਜ਼

ਐਸਡੀਐਮ ਡਾ. ਆਰਪੀ ਸਿੰਘ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੰਗ ਨੇ ਵੀ ਸਬਜ਼ੀ ਮੰਡੀ ਗਰਾਉਂਡ ਵਿੱਚ ਮਾਰਿਆ ਝਾੜੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਐਸ.ਏ.ਐਸ.ਨਗਰ ਨੇੜਲੇ ਪੈਂਦੇ ਪਿੰਡ ਬਲੌਂਗੀ ਦੀ ਮਾਰਕੀਟ ਅਤੇ ਇਸ ਦੇ ਆਲੇ ਦੁਆਲੇ ਦੀ ਸਫ਼ਾਈ ਲਈ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦਾ ਆਗਾਜ਼ ਮੁਹਾਲੀ ਦੇ ਐਸ.ਡੀ.ਐਮ ਡਾ. ਆਰ.ਪੀ ਸਿੰਘ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਰ.ਐਸ. ਕੰਗ ਨੇ ਖ਼ੁਦ ਸਫ਼ਾਈ ਕਾਰਜਾਂ ਵਿੱਚ ਹਿੱਸਾ ਲੈ ਕੇ ਕੀਤਾ। ਇਸ ਮੌਕੇ ਡਾ. ਆਰ.ਪੀ. ਸਿੰਘ ਨੇ ਕਿਹਾ ਕਿ ਪਿੰਡ ਬਲੌਂਗੀ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫ਼ਲ ਨਹੀਂ ਹੋ ਸਕਦੀ। ਇਸ ਲਈ ਬਲੌਂਗੀ ਦੇ ਵਸਨੀਕਾਂ ਨੂੰ ਵੀ ਸਫ਼ਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਐਸਡੀਐਮ ਨੇ ਹੋਰ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੀ ਸਫ਼ਾਈ ਲਈ ਵੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਫ਼ਾਈ ਨਾਲ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਰ.ਐਸ. ਕੰਗ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ ਦੁਆਲੇ ਦੀ ਸਫ਼ਾਈ ਨਹੀਂ ਰੱਖਾਂਗੇ ਤਾਂ ਗੰਦਗੀ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋਵੇਗੀ ਅਤੇ ਜਿਸ ਨਾਲ ਮਲੇਰੀਆ, ਡੇਂਗੂ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਨੂੰ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਸਫ਼ਾਈ ਕਾਰਨ ਹੀ ਮਨੁੱਖ ਰੋਗ ਮੁਕਤ ਹੋ ਸਕਦੇ ਹੈ। ਇਸ ਮੌਕੇ ਪਿੰਡ ਬਲੌਂਗੀ ਦੇ ਪਤਵੰਤਿਆਂ ਅਤੇ ਆਮ ਲੋਕਾਂ ਨੇ ਵੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ।
ਇਸ ਮੌਕੇ ਬਲੌਂਗੀ ਕਲੋਨੀ ਦੀ ਸਰਪੰਚ ਭਿੰਦਰਜੀਤ ਕੌਰ, ਐਸਐਚਓ ਨਵੀਨਪਾਲ ਸਿੰਘ ਲਹਿਲ, ਐਸਡੀਐਮ ਦਫ਼ਤਰ ’ਚੋਂ ਗੁਰਮੁੱਖ ਸਿੰਘ ਰੁੜਕਾ, ਕੇਸਰ ਸਿੰਘ, ਕ੍ਰਿਸ਼ਨ ਕੁਮਾਰ ਬਾਲਾ, ਬਹਾਦਰ ਸਿੰਘ ਰਾਜੂ, ਕੁਲਵਿੰਦਰ ਸ਼ਰਮਾ, ਸੋਬਿੰਦ ਸਮੇਤ ਪਿੰਡ ਬਲੌਂਗੀ ਤੇ ਕਲੋਨੀਆਂ ਦੇ ਪਤਵੰਤਿਆਂ ਨੇ ਵੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…