ਸ਼ਹਿਰ ਦੇ ਵਿਕਾਸ ਲਈ ਫ਼ੰਡ ਜਾਰੀ ਕਰਨ ਤੋਂ ਸਰਕਾਰ ਨੇ ਹੱਥ ਘੁੱਟਿਆਂ: ਡਿਪਟੀ ਮੇਅਰ ਕੁਲਜੀਤ ਬੇਦੀ

ਮੁਹਾਲੀ ਨਗਰ ਨਿਗਮ ਨੂੰ ਫ਼ੰਡ ਉਪਲਬਧ ਕਰਵਾਉਣ ਲਈ ਡਿਪਟੀ ਮੇਅਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਨਬਜ਼-ਏ-ਪੰਜਾਬ, ਮੁਹਾਲੀ, 18 ਦਸੰਬਰ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ’ਤੇ ਵਿਕਾਸ ਕਾਰਜਾਂ ਸਬੰਧੀ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵੀਆਈਪੀ ਆਈ ਸਿਟੀ ਮੁਹਾਲੀ ਦੇ ਵਿਕਾਸ ਲਈ ਸੂਬਾ ਸਰਕਾਰ ਵੱਲੋਂ ਲੋੜੀਂਦੇ ਫ਼ੰਡ ਜਾਰੀ ਕਰਨ ਤੋਂ ਹੱਥ ਘੁੱਟਿਆਂ ਜਾ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ। ਅੱਜ ਇੱਥੇ ਕੁਲਜੀਤ ਬੇਦੀ ਨੇ ਕਿਹਾ ਕਿ ਕਿਉਂ ਜੋ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਹੈ। ਇਸ ਕਰਕੇ ਫੰਡਾਂ ਦੇ ਮਾਮਲੇ ਵਿੱਚ ਕਾਣੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਲਈ ਤੁਰੰਤ ਫੰਡ ਦੇਣ ਦੀ ਅਪੀਲ ਕੀਤੀ ਹੈ।
ਡਿਪਟੀ ਮੇਅਰ ਨੇ ਪੱਤਰ ਵਿੱਚ ਲਿਖਿਆ ਕਿ ਮੁਹਾਲੀ ਨਗਰ ਨਿਗਮ ਦਾ ਗਮਾਡਾ ਨਾਲ ਇੱਕ ਲਿਖਤੀ ਸਮਝੌਤਾ ਹੋਇਆ ਸੀ ਕਿ ਮੁਹਾਲੀ ਨਿਗਮ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ 25 ਫੀਸਦੀ ਹਿੱਸਾ ਗਮਾਡਾ ਦੇਵੇਗਾ। ਇਸ ਸਮਝੌਤੇ ਤਹਿਤ ਗਮਾਡਾ ਵੱਲੋਂ ਨਗਰ ਨਿਗਮ ਨੂੰ ਫ਼ੰਡ ਨਹੀਂ ਦਿੱਤੇ ਜਾ ਰਹੇ ਹਨ। ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵੱਖ-ਵੱਖ ਵਾਰਡਾਂ ਦੇ ਵਿਕਾਸ ਲਈ ਟੈਂਡਰ ਖੋਲੇ ਜਾ ਚੁੱਕੇ ਹਨ ਪਰ ਨਗਰ ਨਿਗਮ ਕੋਲ ਪਿਛਲੇ ਇੱਕ ਸਾਲ ਤੋਂ ਵਿਕਾਸ ਲਈ ਪੈਸੇ ਨਹੀਂ ਹਨ। ਇਹੀ ਨਹੀਂ ਪਿੱਛੇ ਜਿਹੇ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਨਗਰ ਨਿਗਮ ਵੱਲੋਂ ਸਰਕਾਰ ਤੋਂ ਵੱਖਰੇ ਤੌਰ ’ਤੇ ਫ਼ੰਡ ਮੰਗੇ ਗਏ ਸਨ ਪ੍ਰੰਤੂ ਸਰਕਾਰ ਨੇ ਇੱਕ ਧੇਲਾ ਵੀ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਵਿਕਾਸ ਕੰਮਾਂ ਲਈ ਗਮਾਡਾ ਤੋਂ ਫ਼ੰਡ ਜਾਰੀ ਕਰਵਾਏ ਜਾਣ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਂ ਸਮੇਂ ਸਿਰ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਫੰਡ ਜਾਰੀ ਨਾ ਕਰਨ ਤੇ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਅਤੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਦੇ ਹਨ ਪਰ ਗਮਾਡਾ ਦੇ ਚੇਅਰਮੈਨ ਹੋਣ ਦੇ ਬਾਵਜੂਦ ਉਹ ਮੁਹਾਲੀ ਵਰਗੇ ਸ਼ਹਿਰ ਨੂੰ ਜਾਣਬੁਝ ਕੇ ਅਣਗੌਲਾ ਕਰ ਰਹੇ ਹਨ। ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਮੁਹਾਲੀ ਨਾਲ ਪੱਖਪਾਤ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਜੋ ਗਮਾਡਾ ਦੇ ਵੀ ਚੇਅਰਮੈਨ ਹਨ ਤੋਂ ਮੰਗ ਕੀਤੀ ਕਿ ਗਮਾਡਾ ਨੂੰ ਹਦਾਇਤਾਂ ਜਾਰੀ ਕਰਕੇ ਨਗਰ ਨਿਗਮ ਨੂੰ ਫ਼ੰਡ ਮੁਹੱਈਆ ਕਰਵਾਏ ਜਾਣ ਤਾਂ ਜੋ ਮੁਹਾਲੀ ਵਿੱਚ ਵਿਕਾਸ ਦੀ ਗੱਡੀ ਨੂੰ ਲੀਹ ’ਤੇ ਤੋਰਿਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…