ਸੰਭਾਵੀ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰਕੱਸੀ

ਡੀਸੀ ਨੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਹੜ੍ਹਾਂ ਤੋਂ ਬਚਾਅ ਸਬੰਧੀ ਸਾਰੇ ਕੰਮ ਸਮੇਂ ਸਿਰ ਨੇਪਰੇ ਚਾੜ੍ਹਨ ਦੇ ਆਦੇਸ਼, ਲੇਟ-ਲਤੀਫ਼ੀ ’ਤੇ ਹੋਵੇਗੀ ਕਾਰਵਾਈ

ਨਬਜ਼-ਏ-ਪੰਜਾਬ, ਮੁਹਾਲੀ, 12 ਜੂਨ:
ਬਰਸਾਤਾਂ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣੇ ਤੋਂ ਕਮਰਕੱਸ ਲਈ ਹੈ। ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੜ੍ਹਾਂ ਤੋਂ ਬਚਾਅ ਸਬੰਧੀ ਅਗਾਊਂ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਸਾਰੇ ਕੰਮ ਵੇਲੇ ਸਿਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਸਪੱਸ਼ਟ ਆਖਿਆ ਕਿ ਹੜ੍ਹ ਰੋਕੂ ਕਾਰਜਾਂ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡੀਸੀ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ’ਚੋਂ ਲੰਘਦੇ ਚੋਅ, ਨਾਲੇ ਤੇ ਡਰੇਨਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਸੜਕਾਂ ’ਤੇ ਪੁਲੀਆਂ ਜਾਂ ਰੇਲਵੇ ਲਾਈਨਜ਼ ਦੇ ਥੱਲਿਓਂ ਪਾਣੀ ਲੰਘਣ ਲਈ ਬਣਾਏ ਲਾਂਘੇ ਹਰ ਹਾਲਤ ਵਿੱਚ ਸਾਫ਼ ਕੀਤੇ ਜਾਣ ਅਤੇ ਸੜਕਾਂ ਦੇ ਨਾਲ-ਨਾਲ ਬਣੀਆਂ ਡਰੇਨਾਂ ਦੀ ਸਫ਼ਾਈ ਕਰ ਕੇ ਉਨ੍ਹਾਂ ਉੱਤੇ ਢੱਕਣ ਰੱਖਣੇ ਯਕੀਨੀ ਬਣਾਏ ਜਾਣ। ਉਨ੍ਹਾਂ ਨੇ ਸਮੂਹ ਐਸਡੀਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਬਹੁਮੰਜ਼ਲਾਂ ਰਿਹਾਇਸ਼ੀ ਸੁਸਾਇਟੀਆਂ ਦੀਆਂ ਵੈੱਲਫੇਅਰ ਐਸੋਸੀਏਸ਼ਨਾਂ ਜਾਂ ਹੋਰਨਾਂ ਧਿਰਾਂ ਨਾਲ ਤਾਲਮੇਲ ਕਰ ਕੇ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਬਹੁਮੰਜ਼ਲਾਂ ਸੁਸਾਇਟੀਆਂ ਦੀਆਂ ਬੇਸਮੈਂਟਾਂ ਵਿੱਚ ਪਾਣੀ ਦਾਖ਼ਲ ਨਾ ਹੋ ਸਕੇ, ਉੱਥੇ ਪੰਪਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਾਣੀ ਦਾਖ਼ਲ ਹੋਣ ਦੀ ਸੂਰਤ ਵਿੱਚ ਬਾਹਰ ਕੱਢਿਆ ਜਾ ਸਕੇ। ਰੇਲਵੇ ਅੰਡਰ ਪਾਸਾਂ ’ਚੋਂ ਵੀ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ।
ਡੀਸੀ ਆਸ਼ਿਕਾ ਜੈਨ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਗਰ ਸਮੇਤ ਸਾਰੇ ਕੁਦਰਤੀ ਜਲ ਸਰੋਤ ਸਾਧਨਾਂ ਦੇ ਕੰਢੇ ਮਜ਼ਬੂਤ ਕਰਨ ਕਾਰਜ ਛੇਤੀ ਪੂਰੇ ਕੀਤੇ ਜਾਣ ਅਤੇ ਉਨ੍ਹਾਂ ’ਚੋਂ ਗਾਰ ਕੱਢਣ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਗਮਾਡਾ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਕੁਦਰਤੀ ਜਲ ਸਰੋਤ ਸਾਧਨਾਂ ਦੀ ਸਫ਼ਾਈ ਅਤੇ ਮਜ਼ਬੂਤੀ ਸਬੰਧੀ ਵੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਐਸਟੀਪੀਜ਼ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਂਦਿਆਂ ਦਰਪੇਸ਼ ਮੁਸ਼ਕਲਾਂ ਫੌਰੀ ਦੂਰ ਕਰਨ ’ਤੇ ਜ਼ੋਰ ਦਿੱਤਾ। ਡੀਸੀ ਨੇ ਏਡੀਸੀਜ਼ ਅਤੇ ਐਸਡੀਐਮਜ਼ ਨੂੰ ਫੀਲਡ ਵਿੱਚ ਜਾਕੇ ਸਾਰੇ ਕਾਰਜਾਂ ਦੀ ਖ਼ੁਦ ਨਜ਼ਰਸਾਨੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਕਿਸੇ ਥਾਂ ਕੋਈ ਵੀ ਬੋਲਵੈੱਲ ਖੁੱਲ੍ਹਾ ਨਹੀਂ ਹੋਣਾ ਚਾਹੀਦਾ। ਪੀ.ਡਬਲਿਊ.ਡੀ. ਅਤੇ ਮੰਡੀ ਬੋਰਡ ਨੂੰ ਸੜਕਾਂ ਦੇ ਬਰਮ ਮਜ਼ਬੂਤ ਕਰਨ ਦੇ ਹੁਕਮ ਦਿੱਤੇ।
ਡੀਸੀ ਨੇ ਕਿਸ਼ਤੀਆਂ, ਜੈਕਟਾਂ ਤੇ ਜੇਸੀਬੀ ਮਸ਼ੀਨਾਂ ਦਾ ਪ੍ਰਬੰਧ ਕਰਨ ਅਤੇ ਐਨਡੀਆਰਐਫ਼ ਅਤੇ ਹੋਮਗਾਰਡਜ਼ ਨਾਲ ਰਾਬਤਾ ਰੱਖਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ਅਤੇ ਕੌਸ਼ੱਲਿਆ ਡੈਮ ’ਚੋਂ ਸੰਭਾਵੀ ਤੌਰ ’ਤੇ ਪਾਣੀ ਛੱਡੇ ਜਾਣ ਦੀ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ। ਨਾਲ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸਕੂਲਾਂ ਦੀਆਂ ਇਮਾਰਤਾਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਸੁਰੱਖਿਅਤ ਹੋਣ ਬਾਬਤ ਰਿਪੋਰਟ ਦਿੱਤੀ ਜਾਵੇ।
ਇਸ ਮੌਕੇ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਸਿਵਲ ਸਰਜਨ ਦਵਿੰਦਰ ਕੁਮਾਰ ਪੁਰੀ, ਐਸਡੀਐਮ ਦੀਪਾਂਕਰ ਗਰਗ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸਡੀਐਮ ਖਰੜ ਗੁਰਮੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…