ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, ਤਿੰਨ ਲੜਕੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਚੋਣ

ਮਾਈ ਭਾਗੋ ਇੰਸਟੀਚਿਊਟ ਦੀਆਂ ਕੈਡਿਟਾਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਜੁਲਾਈ ਤੋਂ ਹੋਵੇਗੀ ਸਿਖਲਾਈ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 13 ਜੂਨ:
ਪੰਜਾਬ ਦੀਆਂ ਲੜਕੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਮੁਹਾਲੀ) ਦੀਆਂ ਤਿੰਨ ਹੋਰ ਮਹਿਲਾ ਕੈਡਿਟਾਂ ਨੂੰ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਸਿਖਲਾਈ ਅਗਲੇ ਮਹੀਨੇ ਜੁਲਾਈ ਤੋਂ ਸ਼ੁਰੂ ਹੋਵੇਗੀ। ਪਠਾਨਕੋਟ ਦੀ ਰਹਿਣ ਵਾਲੀ ਮਹਿਲਾ ਕੈਡਿਟ ਹਰਨੂਰ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵਿਕਰਮ ਸਿੰਘ ਬੈਂਸ ਦੀ ਧੀ ਹੈ ਜਦੋਂਕਿ ਕੈਡਿਟ ਕ੍ਰਿਤੀ ਐਸ ਬਿਸ਼ਟ ਪੀਏਸੀਐਲ ਨੰਗਲ ਦੇ ਸੀਨੀਅਰ ਇੰਜੀਨੀਅਰ ਸ਼ਕਤੀ ਸ਼ਰਨ ਸਿੰਘ ਦੀ ਬੇਟੀ ਹੈ। ਜਲੰਧਰ ਦੀ ਰਹਿਣ ਵਾਲੀ ਕੈਡਿਟ ਅਲੀਸ਼ਾ, ਜੋ ਪਹਿਲਾਂ ਹੀ ਇੰਡੀਅਨ ਨੇਵਲ ਅਕੈਡਮੀ ਵਿੱਚ ਸਿਖਲਾਈ ਅਧੀਨ ਹੈ, ਪ੍ਰਾਈਵੇਟ ਸਕੂਲ ਦੇ ਅਧਿਆਪਕ ਸੁਨੀਲ ਦੱਤ ਦੀ ਧੀ ਹੈ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਤਿੰਨਾਂ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚੀਆਂ ਦੀ ਸਫਲਤਾ ਯਕੀਨੀ ਤੌਰ ’ਤੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਦੀਆਂ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਅਫ਼ਸਰਾਂ ਵਜੋਂ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਸੂਬੇ ਦੀਆਂ ਲੜਕੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਮਾਈ ਭਾਗੋ ਏਐਫ਼ਪੀਆਈ ਵਿਖੇ ਐਨਡੀਏ ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਦੇ ਦੂਜੇ ਬੈਚ ਨੇ ਅਪਰੈਲ 2024 ਤੋਂ ਸਿਖਲਾਈ ਸ਼ੁਰੂ ਕਰ ਦਿੱਤੀ ਹੈ।
ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਇਨ੍ਹਾਂ ਤਿੰਨ ਕੈਡਿਟਾਂ ਦੇ ਇੰਡੀਅਨ ਏਅਰ ਫੋਰਸ ਅਕੈਡਮੀ ਲਈ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਸੂਬੇ ਦੀਆਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਬਲਾਂ ਦੀ ਪ੍ਰੀ ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਭੇਜਣ ਸਬੰਧੀ ਉਨ੍ਹਾਂ ਦੇ ਯਤਨਾਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…