ਡੇਂਗੂ ਜਾਗਰੂਕਤਾ ਰਾਹੀਂ ਇਸ ਸੀਜ਼ਨ ਵਿੱਚ 80 ਫੀਸਦੀ ਕੇਸ ਘਟਾਉਣ ਦਾ ਟੀਚਾ: ਸਿਹਤ ਮੰਤਰੀ

ਆਮ ਆਦਮੀ ਕਲੀਨਿਕ ਫੇਜ਼-7 ਤੋਂ ਕੀਤਾ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦਾ ਆਗਾਜ਼

ਨਬਜ਼-ਏ-ਪੰਜਾਬ, ਮੁਹਾਲੀ, 9 ਮਈ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਇਸ ਵਰ ਪੰਜਾਬ ਵਿੱਚ ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ ਰਾਹੀਂ ਪਿਛਲੇ ਸਾਲ ਨਾਲੋਂ 80 ਫੀਸਦੀ ਕੇਸ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿਛਲੇ ਸਾਲ ਇਨ੍ਹਾਂ ਕੋਸ਼ਿਸ਼ਾਂ ਸਦਕਾ ਡੇਂਗੂ ਮਾਮਲਿਆਂ ਵਿੱਚ 50 ਫੀਸਦੀ ਕਮੀ ਦਰਜ ਕੀਤੀ ਗਈ ਸੀ। ਅੱਜ ਇੱਥੇ ਸਿਹਤ ਮੰਤਰੀ ਨੇ ਆਮ ਆਦਮੀ ਕਲੀਨਿਕ ਫੇਜ਼-7 ਤੋਂ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਰਸਿੰਗ ਵਿਦਿਆਰਥੀਆਂ, ਆਸ਼ਾ ਵਰਕਰਾਂ, ਬਹੁਮੰਤਵੀ ਸਿਹਤ ਵਰਕਰਾਂ, ਡਾਕਟਰਾਂ ਅਤੇ ਹੋਰਨਾਂ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਡੇਂਗੂ ਵਿਰੋਧੀ ਜਾਗਰੂਕਤਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਡੇਂਗੂ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਇਸ ਵਾਰ ਸੂਬੇ ਦੇ 20 ਲੱਖ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੀ ਬਰੀਡਿੰਗ ਦੀ ਪਛਾਣ ਅਤੇ ਉਸ ਨੂੰ ਖ਼ਤਮ ਕਰਨ ਦੇ ਤਰੀਕਿਆਂ ਤੋਂ ਜਾਣੂ ਕਰਵਾਉਣ ਦੀ ਸਿਖਲਾਈ ਦਿੱਤੀ ਗਈ ਹੈ, ਜਿਸ ਦਾ ਮੰਤਵ ਵਿਦਿਆਰਥੀਆਂ ਰਾਹੀਂ ਘਰਾਂ ਅਤੇ ਸਕੂਲਾਂ ਨੂੰ ਡੇਂਗੂ ਮੱਛਰ ਦੇ ਪੈਦਾ ਹੋਣ ਤੋਂ ਬਚਾਉਣਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਕਰੀਬ ਇੱਕ ਲੱਖ ਮਾਨਵੀ ਸ਼ਕਤੀ ਰਾਹੀਂ ਡੇਂਗੂ ਬਰੀਡਿੰਗ ਰੋਕਣ ਲਈ ਸਰਵੇਖਣ ਮੁਹਿੰਮ ਦੀ ਤਿਆਰੀ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਡੇਂਗੂ ਮੱਛਰ ਖੜ੍ਹੇ ਅਤੇ ਸਾਫ਼ ਪਾਣੀ ਵਿੱਚ ਪਨਪਦਾ ਹੈ। ਇਸ ਲਈ ਲੋਕਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਕੂਲਰਾਂ, ਫਰਿੱਜ ਦੀਆਂ ਪਿਛਲੀਆਂ ਟਰੇਆਂ, ਪੁਰਾਣੇ ਟਾਇਰਾਂ, ਗਮਲਿਆਂ, ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਖਾਲੀ ਕਰਨਾ ਚਾਹੀਦਾ ਹੈ, ਇਸ ਨਾਲ ਡੇਂਗੂ ਮੱਛਰ ਦਾ ਇੱਕ ਹਫ਼ਤੇ ਵਿੱਚ ਪ੍ਰਪੱਕ ਹੋਣ ਵਾਲਾ ਲਾਰਵਾ ਖ਼ੁਦ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ਼ੁਰੂਆਤੀ ਤੌਰ ’ਤੇ ਏਨੀ ਕੁ ਜ਼ਿੰਮੇਦਾਰੀ ਨਿਭਾਅ ਲਈਏ ਤਾਂ ਡੇਂਗੂ ਤੋਂ ਯਕੀਨੀ ਤੌਰ ’ਤੇ ਬਚ ਸਕਦੇ ਹਾਂ।
ਇਸ ਮੌਕੇ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ, ਐਸਡੀਐਮ ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਐਸਐਮਓ ਡਾ. ਪ੍ਰੀਤ ਕੰਵਲ, ਸਹਾਇਕ ਸਿਵਲ ਸਰਜਨ ਡਾ. ਗਿਰਿਸ਼ ਡੋਗਰਾ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਅਨਾਮਿਕਾ ਤੇ ਡਾ. ਹਰਮਨਦੀਪ ਕੌਰ ਬਰਾੜ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਆਪ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਰਾਜੀਵ ਵਸ਼ਿਸ਼ਟ, ਤਰਲੋਚਨ ਸਿੰਘ ਲੋਚੀ, ਸਮੇਤ ਵੱਡੀ ਗਿਣਤੀ ਵਿੱਚ ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ ਤੇ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਥਾਂਵਾਂ ’ਤੇ ਜਾ ਕੇ ਡੇਂਗੂ ਮੱਛਰ ਦੀ ਬ੍ਰੀਡਿੰਗ ਜਾਂਚੀ ਗਈ ਅਤੇ ਦਵਾਈ ਦਾ ਛਿੜਕਆ ਕੀਤਾ ਗਿਆ। ਲੋਕਾਂ ਨੂੰ ਡੇਂਗੂ ਮੱਛਰ ਤੋਂ ਬਚਾਅ ਲਈ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣ ਲਈ ਜਾਗਰੂਕ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…