nabaz-e-punjab.com

‘ਆਪ’ ਦੀ ਖਾਨਾਜੰਗੀ ਤੇਜ਼: ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਅਸਤੀਫ਼ਾ

ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹੁਣ ਦਾ ਤਰੀਕਾ ਗੈਰ ਜਮਹੂਰੀ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਆਮ ਆਦਮੀ ਪਾਰਟੀ ਵਿੱਚ ਜਾਰੀ ਅੰਦਰੂਨੀ ਜੰਗ ਦਿਨੋਂ ਦਿਨ ਹੋਰ ਤੇਜ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਅੱਜ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਡਾ. ਬਲਬੀਰ ਸਿੰਘ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਇਕ ਵਲੰਟੀਅਰ ਦੇ ਰੂਪ ਵਿੱਚ ਕੰਮ ਕਰਦੇ ਰਹਿਣਗੇ ਤਾਂ ਜੋ ਪਾਰਟੀ ਦੇ ਢਾਂਚੇ ਨੂੰ ਮਜਬੂਤ ਕੀਤਾ ਜਾ ਸਕੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਕੇੱਦਰੀ ਕਨਵੀਨਰ ਸ੍ਰੀ ਅਰਵਿਦ ਕੇਜਰੀਵਾਲ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਦੇ ਰਹਿਣਗੇ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਸਮੇਤ 6 ਹੋਰ ਵਿਧਾਇਕਾਂ ਵੱਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਦਿੱਤੇ ਸੁਝਾਆਂ ਦਾ ਸਮਰਥਣ ਕਰਦੇ ਹਨ ਤਾਂ ਜੋ ਪੰਜਾਬ ਵਿੱਚ ਪਾਰਟੀ ਮੁੜ ਲੀਹ ਤੇ ਲਿਆ ਕੇ ਮਜਬੂਤ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਕਾਰਗੁਜਾਰੀ ਤਾਂ ਬਹੁਤ ਚੰਗੀ ਰਹੀ ਹੈ, ਪਰ ਕੇਂਦਰੀ ਲੀਡਰਸ਼ਿਪ ਖਾਸ ਕਰਕੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕੁਝ ਲੋਕ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਦੇ ਕੁੱਝ ਆਗੂ ਨਿੱਜੀ ਹਿਤਾਂ ਨੂੰ ਮਹੱਤਵ ਦਿੰਦੇ ਹਨ, ਜਿਸ ਕਾਰਨ ਪਾਰਟੀ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਸ੍ਰੀ ਖਹਿਰਾ ਨੂੰ ਪੰਜਾਬ ਵਿਧਾਨ ਸਭਾ ’ਚੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦਾ ਤਰੀਕਾ ਗੈਰਜਮਹੂਰੀ ਹੈ। ਉਹਨਾਂ ਕਿਹਾ ਕਿ ਜੇ ਸ੍ਰੀ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋੱ ਹਟਾਉਣਾ ਹੀ ਸੀ ਤਾਂ ਇਸ ਸਬੰਧੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਕਰਵਾਈ ਜਾਣੀ ਚਾਹੀਦੀ ਸੀ ਜਿਸ ਵਿੱਚ ਪਾਰਟੀ ਦੇ ਕੇਂਦਰੀ ਨਿਗਰਾਨ ਦੀ ਅਗਵਾਈ ਵਿੱਚ ਬਹੁਸੰਮਤੀ ਨਾਲ ਕੋਈ ਫੈਸਲਾ ਲਿਆ ਜਾਂਦਾ ਅਤੇ ਉਸ ਉੱਪਰ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਲੋਕਤਾਂਤਰਿਕ ਪੰਰਪਰਾਂਵਾਂ ਅਨੁਸਾਰ ਪਾਰਟੀ ਦੇ ਚੁਣੇ ਹੋਏ ਵਿਧਾਇਕ ਹੀ ਆਪਣੇ ਆਗੂ ਦੀ ਚੋਣ ਕਰਦੇ ਹਨ ਅਤੇ ਕਿਸੇ ਵੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਮਾਮਲੇ ਵਿੱਚ ਦਖਲ ਅੰਦਾਜੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਆਪ ਦਾ ਗਠਨ ਲੋਕਤੰਤਰ ਦੀ ਬਹਾਲੀ ਲਈ ਕੀਤਾ ਗਿਆ ਸੀ। ਹੁਣ ਪੰਜਾਬ ਦੇ ਵਰਕਰਾਂ ਦੀ ਰਾਏ ਲੈ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸ੍ਰੀ ਖਹਿਰਾ ਸਮੇਤ ਪਾਰਟੀ ਦੇ ਅੱਠ ਵਿਧਾਇਕਾਂ ਵਲੋੱ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਵਿੱਚ ਪਾਰਟੀ ਹੋਰ ਵੀ ਮਜਬੂਤ ਹੋਵੇਗੀ। ਆਪ ਵੱਲੋਂ ਗਰਮ ਦਲੀਆਂ ਪ੍ਰਤੀ ਸੁਰ ਨਰਮ ਰੱਖਣ ਸਬੰਧੀ ਪੁਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਪ ਧਰਮ ਨਿਰਪੱਖ ਪਾਰਟੀ ਹੈ, ਜੋ ਕਿ ਦੇਸ਼ ਦੇ ਸੰਵਿਧਾਨ ਮੁਤਾਬਿਕ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਦਿੱਲੀ ਪੈਟਰਨ ਤੇ ਸਿੱਖਿਆ ਅਤੇ ਸਿਹਤ ਸੁਧਾਰਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…