ਐਸਜੀਪੀਸੀ ਚੋਣਾਂ: ਵੋਟਾਂ ਬਣਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਲਈ ਰਜਿਸਟਰੇਸ਼ਨ ਫਾਰਮਾਂ ’ਤੇ ਫੋਟੋ ਲਾਉਣਾ ਲਾਜ਼ਮੀ ਨਹੀਂ

ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਪੱਤਰ ਜਾਰੀ, 15 ਸਤੰਬਰ ਤੱਕ ਬਣਵਾਈਆਂ ਜਾ ਸਕਦੀਆਂ ਨੇ ਵੋਟਾਂ

ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਪਰਿਵਾਰ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਲਈ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਆਮ ਲੋਕਾਂ ਖਾਸ ਕਰਕੇ ਸਾਬਤ ਸੂਰਤ ਸਿੱਖਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ, ਉੱਥੇ ਆਮ ਵੋਟਰਾਂ ਵੱਲੋਂ ਐਸਸੀਜੀਪੀ ਚੋਣਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ, ਇਸ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵੋਟਾਂ ਬਣਾਉਣ ਲਈ ਲੋਕਾਂ ਦਾ ਮੱਠਾ ਹੁੰਗਾਰਾ ਮਿਲ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਮਲੇ ਵੱਲੋਂ ਵਾਰ-ਵਾਰ ਵੋਟਾਂ ਬਣਾਉਣ ਦੀ ਤਰੀਕ ਅੱਗੇ ਵਧਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ। ਇਸ ਸਬੰਧੀ ਅੌਰਤ ਵੋਟਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਐਸਜੀਪੀਸੀ ਚੋਣਾਂ ਸਬੰਧੀ ਵੋਟਾਂ ਬਣਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਲਈ ਰਜਿਸਟਰੇਸ਼ਨ ਫਾਰਮਾਂ ’ਤੇ ਫੋਟੋਆਂ ਲਗਾਉਣੀਆਂ ਹੁਣ ਲਾਜ਼ਮੀ ਨਹੀਂ ਹਨ। ਇਹ ਵੋਟਾਂ ਬਣਵਾਉਣ ਲਈ ਰਜਿਸਟਰੇਸ਼ਨ ਫਾਰਮ ਨਗਰ ਪੰਚਾਇਤ/ਨਗਰ ਕੌਂਸਲ/ਨਗਰ ਨਿਗਮ ਦਫ਼ਤਰਾਂ ਸਮੇਤ ਸਬੰਧਤ ਹਲਕੇ ਦੇ ਮਾਲ ਪਟਵਾਰੀਆਂ ਅਤੇ ਉਪ ਮੰਡ ਮੈਜਿਸਟਰੇਟ (ਐਡੀਐਮਜ਼) ਦੇ ਦਫ਼ਤਰਾਂ ਵਿਖੇ 15 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਪੱਤਰ ਮੁਤਾਬਕ ਫੀਲਡ ’ਚੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਕੁੱਝ ਮਹਿਲਾ ਸਿੱਖ ਵੋਟਰ ਰਜਿਸਟਰੇਸ਼ਨ ਫਾਰਮਾਂ ਉੱਤੇ ਆਪਣੀਆਂ ਫੋਟੋਆਂ ਲਗਾਉਣ ਤੋਂ ਝਿਜਕਦੀਆਂ ਹਨ। ਇਸ ਲਈ ਅੌਰਤਾਂ ਲਈ ਇਨ੍ਹਾਂ ਫਾਰਮਾਂ ਉੱਤੇ ਫੋਟੋਆਂ ਲਗਾਉਣ ਨੂੰ ਆਪਸ਼ਨਲ ਕਰ ਦਿੱਤਾ ਗਿਆ ਹੈ। ਜੇਕਰ ਕੋਈ ਮਹਿਲਾ ਫਾਰਮ ਉੱਤੇ ਫੋਟੋ ਲਗਾਉਣਾ ਚਾਹੁੰਦੀ ਹੈ ਤਾਂ ਲਗਾ ਸਕਦੀ ਹੈ ਅਤੇ ਜੇਕਰ ਉਹ ਆਪਣੀ ਫੋਟੋ ਨਹੀਂ ਲਗਾਉਣਾ ਚਾਹੁੰਦੀ ਤਾਂ ਅੌਰਤ ਵੋਟਰ ਦੀ ਬਿਨਾਂ ਫੋਟੋ ਤੋਂ ਵੀ ਫਾਰਮ ਮਨਜ਼ੂਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਨ੍ਹਾਂ ਚੋਣਾਂ ਸਬੰਧੀ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…