ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 8 ਮਈ:
ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਅੱਜ ਇੱਥੇ ਹੋਈ। ਜਿਸ ਵਿੱਚ ਪੰਜਾਬ ਸਰਕਾਰ ਨੂੰ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਮਿਊਟਿਡ ਪੈਨਸ਼ਨ ਦੀ ਰਿਕਵਰੀ ਦੇ ਸਮੇਂ ਨੂੰ ਤਰਕਸੰਗਤ ਬਣਾਉਣ ਦੀ ਅਪੀਲ ਕੀਤੀ। ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਿਤਿਨ ਗੁਪਤਾ ਅਤੇ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜਦੋਂ ਵਿਆਜ ਦਰਾਂ 10-12 ਫੀਸਦੀ ਦੇ ਆਸ-ਪਾਸ ਘੁੰਮ ਰਹੀਆਂ ਸਨ, ਉਸ ਸਮੇਂ ਕਮਿਊਟਿਡ ਪੈਨਸ਼ਨ ਦੀ ਰਿਕਵਰੀ ਮਿਆਦ 15 ਸਾਲ ਨਿਰਧਾਰਿਤ ਕੀਤੀ ਗਈ ਸੀ ਪਰ ਹੁਣ ਦਰਾਂ 6-8 ਫੀਸਦੀ ਹਨ। ਇਨ੍ਹਾਂ ਵਿਆਜ ਦਰਾਂ ’ਤੇ ਪੈਨਸ਼ਨ ਦੇ ਕਮਿਊਟਿਡ ਹਿੱਸੇ ਦੀ ਰਿਕਵਰੀ ਲਗਪਗ 10 ਸਾਲਾਂ ਵਿੱਚ ਪੂਰੀ ਹੋ ਜਾਂਦੀ ਹੈ।
ਕਾਬਿਲੇਗੌਰ ਹੈ ਕਿ ਪੈਨਸ਼ਨ ਦੇ ਕਮਿਊਟਿਡ ਹਿੱਸੇ ਦੀ ਰਿਕਵਰੀ ਮਿਆਦ ਨੂੰ ਘਟਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਐਡਵੋਕੇਟ ਜਨਰਲ ਵੱਲੋਂ ਸਰਕਾਰ ਦੀ ਤਰਫ਼ੋਂ ਵਾਅਦਾ ਕੀਤਾ ਸੀ ਕਿ ਮੌਜੂਦਾ ਵਿਆਜ ਦਰਾਂ ਦੇ ਅਨੁਸਾਰ, ਰਿਕਵਰੀ ਮਿਆਦ ਨੂੰ ਤਰਕ ਸੰਗਤ ਬਣਾਉਣ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਬੰਧਤ ਪੈਨਸ਼ਨਰ ਜਥੇਬੰਦੀਆਂ ਤੋਂ ਵੀ ਵਿਚਾਰ ਲਏ ਜਾਣਗੇ ਪਰ ਅੱਜ ਤੱਕ ਪੈਨਸ਼ਨਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੁਝ ਵੀ ਠੋਸ ਨਹੀਂ ਕੀਤਾ ਗਿਆ ਹੈ।
ਡਾ. ਗੁਰਵਿੰਦਰ ਵਾਲੀਆ ਨੇ ਕਿਹਾ ਕਿ 1 ਜਨਵਰੀ 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਨੂੰ ਇਨਸਾਫ਼ ਪ੍ਰਦਾਨ ਕਰਨ ਲਈ ਕੈਬਨਿਟ ਮੰਤਰੀਆਂ ਦੀ ਕੈਬਨਿਟ ਸਬ ਕਮੇਟੀ ਵੱਲੋਂ ਪਹਿਲਾਂ ਹੀ ਦਿੱਤੇ ਭਰੋਸੇ ਅਨੁਸਾਰ 6ਵੇਂ ਤਨਖ਼ਾਹ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੈਨਸ਼ਨ ਵਿੱਚ ਵਾਧੇ ਲਈ 2.45 ਦੀ ਬਜਾਏ 2.59 ਦਾ ਗੁਣਕ ਵਰਤਿਆ ਜਾਣਾ ਚਾਹੀਦਾ ਹੈ। ਤਾਂ ਜੋ ਉਹ ਨਿਰਧਾਰਿਤ ਪ੍ਰਾਈਵੇਟ ਹਸਪਤਾਲਾਂ ਤੋਂ ਉਹ ਆਪਣਾ ਮੁਫ਼ਤ ਇਲਾਜ ਕਰਵਾ ਸਕਣ।
ਡਾ. ਦੇਸ਼ ਦੀਪਕ ਗੋਇਲ ਨੇ ਦੁੱਖ ਪ੍ਰਗਟ ਕੀਤਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੁਝ ਸਮੇਂ ਲਈ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੋਂ ਵਿਕਾਸ ਟੈਕਸ ਦੇ ਨਾਂਅ ਤੇ 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਕੱਟੇ ਜਾਂਦੇ ਰਹੇ ਸਨ ਪਰ ਮੌਜੂਦਾ ਸਰਕਾਰ ਨੇ ਇਸ ਨੂੰ ਬੰਦ ਕਰਨ ਦੀ ਬਜਾਏ ਇਸ ਅਪਵਿੱਤਰ ਪ੍ਰਥਾ ਨੂੰ ਜਾਰੀ ਰੱਖਿਆ ਹੈ। ਉਨ੍ਹਾਂ ਮੰਗ ਕੀਤੀ ਕਿ 200 ਰੁਪਏ ਦੀ ਇਹ ਵਸੂਲੀ ਤੁਰੰਤ ਬੰਦ ਕੀਤੀ ਜਾਵੇ।
ਸਾਬਕਾ ਡਿਪਟੀ ਡਾਇਰੈਕਟਰ ਡਾ. ਮਧੂਕੇਸ਼ ਪਲਟਾ ਨੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸੇਵਾਮੁਕਤ ਵੈਟਰਨਰੀ ਡਾਕਟਰਾਂ ਦੇ ਬਕਾਏ ਦੀ ਸਮਾਂਬੱਧ ਅਦਾਇਗੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਦੀ ਸਿਹਤ ਯੋਜਨਾ ਦੀ ਤਰਜ਼ ’ਤੇ ਡਾਕਟਰੀ ਸਹੂਲਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਡਾ. ਜਗਜੀਤ ਸਿੰਘ, ਡਾ. ਮਦਨ ਮੋਹਨ ਸਿੰਗਲਾ, ਡਾ. ਨਰੇਸ਼ ਸਚਦੇਵਾ, ਡਾ. ਨਿਰਮਲਜੀਤ ਐਸ. ਮਾਹਲ ਅਤੇ ਡਾ. ਸ਼ਸ਼ੀ ਸੈਣੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…