Share on Facebook Share on Twitter Share on Google+ Share on Pinterest Share on Linkedin ਝੋਨੇ ਦੀ ਬਿਜਾਈ ਵਿੱਚ ਜਬਰੀ ਦੇਰੀ ਕਾਰਨ ਵਧੀ ਮਜ਼ਦੂਰੀ ਦੀ ਲਾਗਤ ਦਾ ਮੁਆਵਜ਼ਾ ਦੇਵੇ ਸਰਕਾਰ: ਅਕਾਲੀ ਦਲ ਲੇਟ ਬੀਜੇ ਝੋਨੇ ਵਿੱਚ ਨਮੀ ਵਧੇਰੇ ਹੋਣ ਕਰਕੇ ਕਿਸਾਨਾਂ ਨੂੰ ਹੋਰ ਨੁਕਸਾਨ ਹੋਣ ਦਾ ਖਦਸ਼ਾ: ਮਜੀਠੀਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸੂਬੇ ਅੰਦਰ ਝੋਨੇ ਦੀ ਬਿਜਾਈ ਲੇਟ ਕਰਵਾਉਣ ਦੇ ਗਲਤ ਫੈਸਲੇ ਨੇ ਬਿਜਾਈ ਦਾ ਸੀਜ਼ਨ ਛੋਟਾ ਕਰ ਦਿੱਤਾ ਹੈ। ਜਿਸ ਨਾਲ ਝੋਨਾ ਲੁਆਈ ਦੀ ਮਜ਼ਦੂਰੀ ਵਿੱਚ ਭਾਰੀ ਵਾਧਾ ਹੋ ਗਿਆ ਹੈ। ਇਸ ਵਧੀ ਮਜ਼ਦੂਰੀ ਲਾਗਤ ਲਈ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਝੋਨੇ ਦਾ ਬਿਜਾਈ ਸੀਜਨ ਜਬਰੀ 10 ਜੂਨ ਤੋਂ ਵਧਾ ਕੇ 20 ਜੂਨ ਕਰਨ ਨਾਲ ਮਜ਼ਦੂਰਾਂ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਮਜ਼ਦੂਰੀ ਦੇ ਠੇਕੇ 10 ਜੂਨ ਤੋਂ ਕੀਤੇ ਸਨ। ਜਿਹਨਾਂ ਨੂੰ ਉਹ ਪੁਗਾ ਨਹੀਂ ਸਕੇ। ਪਹਿਲਾਂ ਪੰਜਾਬ ਵਿੱਚ ਝੋਨਾ ਲਾ ਕੇ ਮਗਰੋਂ ਆਪਣੇ ਖੇਤਾਂ ਦੀ ਦੇਖਭਾਲ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਐਤਕੀਂ ਬਹੁਤ ਘੱਟ ਗਿਣਤੀ ਵਿੱਚ ਆ ਰਹੇ ਹਨ। ਇਸ ਨਾਲ ਝੋਨਾ ਲੁਆਈ ਦੀ ਮਜ਼ਦੂਰੀ ਵਿੱਚ 40 ਫੀਸਦੀ ਵਾਧਾ ਹੋ ਗਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਸਿਰਫ਼ ਏਨਾ ਹੀ ਨਹੀਂ ਕਿਸਾਨਾਂ ਦਾ ਅਜੇ ਹੋਰ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਦੇਰੀ ਨਾਲ ਕੀਤੀ ਬਿਜਾਈ ਕਰਕੇ ਵੇਚੇ ਜਾਣ ਸਮੇਂ ਇਸ ਝੋਨੇ ਵਿਚ ਨਾ ਸਿਰਫ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ, ਸਗੋਂ ਝਾੜ ਵੀ ਘੱਟ ਨਿਕਲੇਗਾ, ਜਿਸ ਨਾਲ ਕਿਸਾਨਾਂ ਦਾ ਹੋਰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਰਵਾਇਤੀ ਤੌਰ ਤੇ ਤਿੰਨ ਫਸਲਾਂ ਬੀਜਦੇ ਸਨ, ਹੁਣ ਝੋਨਾ ਦੇਰੀ ਨਾਲ ਬੀਜਣ ਕਰਕੇ ਉਹ ਤੀਜੀ ਫਸਲ ਨਹੀਂ ਬੀਜ ਪਾਉਣਗੇ। ਉਹਨਾਂ ਕਿਹਾ ਕਿ ਇਕ ਅਗਲਾ ਅਹਿਮ ਪੱਖ ਇਹ ਹੈ ਕਿ ਦੇਰੀ ਨਾਲ ਬੀਜਿਆ ਝੋਨਾ ਵਾਤਾਵਰਣ ਲਈ ਨੁਕਸਾਨਦਾਇਕ ਹੋਵੇਗਾ ਅਤੇ ਪ੍ਰਦੂਸ਼ਣ ਵਿੱਚ ਵਾਧਾ ਕਰੇਗਾ। ਉਹਨਾਂ ਕਿਹਾ ਕਿ ਕਿਸਾਨਾਂ ਕੋਲ ਝੋਨੇ ਦੀ ਪਰਾਲੀ ਨੂੰ ਹੀਲੇ ਲਾਉਣ ਦਾ ਸਮਾਂ ਨਹੀਂ ਹੋਵੇਗਾ ਅਤੇ ਉਹ ਮਜ਼ਬੂਰੀ ਵਿਚ ਇਸ ਨੂੰ ਜਲਾ ਦੇਣਗੇ, ਜਿਸ ਨਾਲ ਉੱਤਰੀ ਭਾਰਤ ਵਿਚ ਵਾਤਾਵਰਣ ਪਲੀਤ ਹੋਵੇਗਾ। ਸ੍ਰੀ ਮਜੀਠੀਆ ਨੇ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਲਈ ਉਹਨਾਂ ਵਾਸਤੇ ਮੁਆਵਜ਼ੇ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਹਿਮ ਹੈ ਕਿ ਇਹ ਰਾਹਤ ਤੁਰੰਤ ਦਿੱਤੀ ਜਾਵੇ, ਕਿਉਂਕਿ ਸਰਕਾਰ ਵੱਲੋਂ ਆਪਣਾ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਵਾਅਦਾ ਨਾ ਪੂਰਾ ਕਰਨ ਕਰਕੇ ਪੰਜਾਬ ਵਿਚ ਖੇਤੀ ਦਾ ਸੰਕਟ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਸੰਕਟ ਪਹਿਲਾਂ ਹੀ ਪਿਛਲੇ ਇੱਕ ਸਾਲ ਵਿਚ 500 ਤੋਂ ਵੱਧ ਕਿਸਾਨਾਂ ਦੀ ਜਾਨ ਲੈ ਚੁੱਕਿਆ ਹੈ। ਜੇਕਰ ਮਜ਼ਦੂਰੀ ਲਾਗਤ ਵਿਚ ਹੋਏ ਵਾਧੇ ਅਤੇ ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਦੇ ਹੋ ਰਹੇ ਨੁਕਸਾਨ ਦਾ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਪੰਜਾਬ ਵਿੱਚ ਖੇਤੀ ਸੰਕਟ ਹੋਰ ਭਿਆਨਕ ਰੂਪ ਧਾਰਨ ਕਰ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ