ਵੀਆਰ ਮਾਲ ਵਿੱਚ ਬੰਬ ਦੀ ਅਫ਼ਵਾਹ ਨੇ ਪੁਲੀਸ ਨੂੰ ਭਾਜੜਾਂ ਪਾਈਆਂ, ਮਾਲ ’ਚ ਦਹਿਸ਼ਤ ਦਾ ਮਾਹੌਲ

ਮੁਹਾਲੀ ਪੁਲੀਸ ਨੇ ਤੁਰੰਤ ਮਾਲ ਖਾਲੀ ਕਰਵਾ ਕੇ ਚਲਾਇਆ ਸਰਚ ਅਭਿਆਨ

ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਮੁਹਾਲੀ-ਖਰੜ ਨੈਸ਼ਨਲ ਹਾਈਵੇਅ-21 ’ਤੇ ਸਥਿਤ ਵੀਆਰ ਮਾਲ ਵਿੱਚ ਸੋਮਵਾਰ ਨੂੰ ਬੰਬ ਫਟਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ, ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਬਲੌਂਗੀ ਥਾਣੇ ਦੇ ਐਸਐਚਓ ਕੁਲਵੰਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਤੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਮਾਲ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਉਧਰ, ਰੱਖੜੀ ਦੇ ਤਿਉਹਾਰ ਕਾਰਨ ਅੱਜ ਮਾਲ ਵਿੱਚ ਖ਼ਰੀਦਦਾਰੀ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਅਤੇ ਬੰਬ ਦੀ ਅਫ਼ਵਾਹ ਕਾਰਨ ਮਾਲ ਵਿੱਚ ਦਹਿਸ਼ਤ ਫੈਲ ਗਈ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪੁਲੀਸ ਦਾ ਸਰਚ ਅਭਿਆਨ ਜਾਰੀ ਸੀ ਲੇਕਿਨ ਅਜੇ ਤਾਈ ਪੁਲੀਸ ਨੂੰ ਬੰਬ ਜਿਹੀ ਕੋਈ ਵਸਤੂ ਉੱਥੋਂ ਨਹੀਂ ਸੀ ਮਿਲੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਨੂੰ ਅੱਜ ਕਿਸੇ ਨੇ ਈਮੇਲ ਭੇਜ ਕੇ ਸੂਚਨਾ ਦਿੱਤੀ ਕਿ ਮੁਹਾਲੀ ਦੇ ਵੀਆਰ ਮਾਲ ਸਮੇਤ ਹੋਰਨਾਂ ਥਾਵਾਂ ’ਤੇ ਬੰਬ ਫੱਟ ਸਕਦਾ ਹੈ। ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ, ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਬਲੌਂਗੀ ਥਾਣੇ ਦੇ ਐਸਐਚਓ ਕੁਲਵੰਤ ਸਿੰਘ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੂੰ ਲੈ ਕੇ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਮਾਲ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਬੰਬ ਦੀ ਅਫ਼ਵਾਹ ਦੇ ਚੱਲਦਿਆਂ ਮਾਲ ਵਿੱਚ ਅਫਰਾ-ਤਫੜੀ ਮਚ ਗਈ। ਸਰਚ ਅਭਿਆਨ ਦੌਰਾਨ ਪੁਲੀਸ ਨੇ ਕਿਸੇ ਵੀ ਨੂੰ ਵੀ ਮਾਲ ਦੇ ਅੰਦਰ ਨਹੀਂ ਜਾਣ ਦਿੱਤਾ। ਇੱਥੋਂ ਤੱਕ ਮੀਡੀਆ ਨੂੰ ਵੀ ਕਰਵੇਜ ਕਰਨ ਲਈ ਅੰਦਰ ਨਹੀਂ ਜਾਣ ਦਿੱਤਾ ਗਿਆ।
ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਸਿਰਫ਼ ਐਨਾ ਹੀ ਦੱਸਿਆ ਕਿ ਪੁਲੀਸ ਨੂੰ ਮਾਲ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਅਤੇ ਪੁਲੀਸ ਨੇ ਤੁਰੰਤ ਐਕਸ਼ਨ ਵਿੱਚ ਆਉਂਦਿਆਂ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲੀਸ ਨੂੰ ਹੁਣ ਤੱਕ ਦੀ ਜਾਂਚ ਵਿੱਚ ਬੰਬ ਨਹੀਂ ਮਿਲਿਆ ਹੈ ਪ੍ਰੰਤੂ ਹਾਲੇ ਸਰਚ ਅਭਿਆਨ ਜਾਰੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਪੂਰੀ ਡਿਟੇਲ ਅਤੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਉਂਜ ਉਨ੍ਹਾਂ ਐਨਾ ਜ਼ਰੂਰ ਆਖਿਆ ਕਿ ਬੰਬ ਦੀ ਝੂਠੀ ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਜਾਂਚ ਜਾਰੀ ਸੀ।

ਪਿੰਡ ਬੱਲੋਮਾਜਰਾ ਦੇ ਨੌਜਵਾਨ ਸਰਪੰਚ ਜਸਵੀਰ ਸਿੰਘ ਜੱਸੀ ਬੱਲੋਮਾਜਰਾ ਨੇ ਮੰਗ ਕੀਤੀ ਕਿ ਝੂਠੀ ਅਫ਼ਵਾਹ ਫੈਲਾਉਣ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੰਬ ਦੀ ਸੂਚਨਾ ਮਿਲਣ ’ਤੇ ਨਾ ਸਿਰਫ਼ ਵੀਆਰ ਮਾਲ ਸਗੋਂ ਪਿੰਡ ਬੱਲੋਮਾਜਰਾ ਸਮੇਤ ਟੀਡੀਆਈ ਸੈਕਟਰ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ ਪ੍ਰੰਤੂ ਕੋਈ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਰਿਹਾ। ਉਨ੍ਹਾਂ ਨੇ ਪੁਲੀਸ ਐਕਸ਼ਨ ਦੀ ਵੀ ਸ਼ਲਾਘਾ ਕੀਤੀ। ਜਿਨ੍ਹਾਂ ਨੇ ਤੁਰੰਤ ਮੌਕਾ ਸੰਭਾਲ ਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਾ ਸੁਨੇਹਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…