Share on Facebook Share on Twitter Share on Google+ Share on Pinterest Share on Linkedin ਸੀਵਰੇਜ ਸਮੱਸਿਆ ਕਾਰਨ ਨਰਕ ਭੋਗਣ ਲਈ ਮਜਬੂਰ ਨੇ ਟੀਡੀਆਈ ਸੈਕਟਰ-92 ਦੇ ਬਾਸ਼ਿੰਦੇ ਬਿਨਾਂ ਟਰੀਟਮੈਂਟ ਪਲਾਂਟ ਦੇ ਵਸਾਇਆ ਪ੍ਰਾਜੈਕਟ, ਸੁਵਿਧਾ ਦੀ ਥਾਂ ਲੋਕਾਂ ਦੇ ਪੱਲੇ ਲਈ ਬਦਬੂ, ਬਿਮਾਰੀ ਦਾ ਖ਼ਦਸ਼ਾ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਨਬਜ਼-ਏ-ਪੰਜਾਬ, ਮੁਹਾਲੀ, 13 ਮਈ: ਇੱਥੋਂ ਦੇ ਟੀਡੀਆਈ ਸੈਕਟਰ-92 ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਨਰਕ ਭੋਗਣ ਲਈ ਮਜਬੂਰ ਹਨ। ਇਲਾਕੇ ਵਿੱਚ ਬਿਨਾਂ ਕਿਸੇ ਟਰੀਟਮੈਂਟ ਪਲਾਂਟ ਦੇ ਸੀਵਰੇਜ ਦਾ ਗੰਦਾ ਪਾਣੀ ਖੁੱਲ੍ਹੇ ਟੋਏ ਵਿੱਚ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਜਿੱਥੇ ਚਾਰ ਚੁਫੇਰੇ ਬਦਬੂ ਫੈਲ ਰਹੀ ਹੈ, ਉੱਥੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਟੀਡੀਆਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮਿਲ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਮੌਜੂਦਾ ਹਾਲਾਤਾਂ ’ਤੇ ਸਖ਼ਤ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਹ ਸੈਕਟਰ ਵਾਸੀਆਂ ’ਤੇ ਡਾਢਾ ਤਸ਼ੱਦਦ ਹੈ। ਉਨ੍ਹਾਂ ਗਮਾਡਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ’ਤੇ ਵਰ੍ਹਦਿਆਂ ਕਿਹਾ ਕਿ ਬਿਨਾਂ ਟਰੀਟਮੈਂਟ ਪਲਾਂਟ ਦੇ ਨਕਸ਼ੇ ਕਿਵੇਂ ਪਾਸ ਹੋ ਗਏ, ਲੋਕ ਮਹਿੰਗੇ ਪਲਾਟ ਲੈ ਕੇ ਇੱਥੇ ਵਸੇ ਹਨ ਪਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਪ੍ਰਬੰਧਕਾਂ ਅਤੇ ਗਮਾਡਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕੁਲਜੀਤ ਬੇਦੀ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਟੈਂਕਰਾਂ ਰਾਹੀਂ ਗਟਰਾਂ ਤੋਂ ਸਕਿੰਗ ਕਰਕੇ ਖੁੱਲ੍ਹੇ ਟੋਏ ਵਿੱਚ ਕੀਤੀ ਜਾ ਰਹੀ ਹੈ, ਜੋ ਸ਼ਹੀਦਾਂ ਦੇ ਖੂਨ ਨਾਲ ਰੰਗੀ ਚੱਪੜਚਿੜੀ ਦੀ ਧਰਤੀ ਨਾਲ ਸਰਾਸਰ ਬੇਇਨਸਾਫ਼ੀ ਹੈ। ਤੇਜ਼ ਹਵਾ ਚੱਲਣ ’ਤੇ ਲੋਕਾਂ ਨੂੰ ਆਪਣੇ ਘਰਾਂ ਦੇ ਬੂਹੇ ਅਤੇ ਬਾਰੀਆਂ ਬੰਦ ਰੱਖਣੀਆਂ ਪੈਂਦੀਆਂ ਹਨ ਅਤੇ ਬਿਜਲੀ ਕੱਟ ਦੌਰਾਨ ਲੋਕਾਂ ਨੂੰ ਸਾਹ ਲੈਣਾ ਅੌਖਾ ਹੋ ਜਾਂਦਾ ਹੈ। ਇੱਥੇ ਨੇੜੇ ਹੀ ਦੋ ਨਾਮੀ ਸਕੂਲ ਹਨ, ਜਿੱਥੇ ਰੋਜ਼ਾਨਾ ਸੈਂਕੜੇ ਬੱਚੇ ਪੜ੍ਹਨ ਆਉਂਦੇ ਹਨ। ਡਿਪਟੀ ਮੇਅਰ ਨੇ ਗਮਾਡਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਰੰਤ ਮੌਕੇ ਦਾ ਮੁਆਇਨਾ ਕਰਕੇ ਸੀਵਰੇਜ ਦੇ ਗੰਦੇ ਪਾਣੀ ਦੇ ਸੈਂਪਲ ਲਏ ਜਾਣ। ਕੰਪਨੀ ਦੀ ਖਾਲੀ ਜ਼ਮੀਨ ਵਿੱਚ ਟਰੀਟਮੈਂਟ ਪਲਾਂਟ ਲਾਇਆ ਜਾਵੇ। ਜੇਕਰ ਇਹ ਕਾਰਵਾਈ ਸਮੇਂ ਸਿਰ ਨਹੀਂ ਹੋਈ ਤਾਂ ਜ਼ਿੰਮੇਵਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਖੜੀਸਿਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਠਾਕੁਰ, ਜਨਰਲ ਸਕੱਤਰ ਧਰਮਿੰਦਰ ਮਲਹੋਤਰਾ, ਕੈਸ਼ੀਅਰ ਸੰਜੈ ਕੁਮਾਰ ਅਤੇ ਮੈਂਬਰ ਹਰਲੀਨ ਸਿੰਘ ਸੇਠੀ, ਮਿਸ ਮਨਚੰਦਾ, ਸੁਨੀਲ ਸ਼ਰਮਾ ਹਾਜ਼ਰ ਸਨ। ਇਨ੍ਹਾਂ ਵਿਅਕਤੀਆਂ ਨੇ ਵੀ ਮੁਹਾਲੀ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਲਾਪਰਵਾਹੀ ਉੱਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ