ਗਮਾਡਾ ਖ਼ਿਲਾਫ਼ ਸੜਕਾਂ ’ਤੇ ਉੱਤਰੇ ਸੈਕਟਰ-76 ਤੋਂ 80 ਦੇ ਵਸਨੀਕ, ਰੋਸ ਮਾਰਚ ਕੀਤਾ

ਪਲਾਟਾਂ ਦੀਆਂ ਕੀਮਤਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ, ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 28 ਮਈ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ ਦਾ ਗਮਾਡਾ ਵਿਰੁੱਧ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਇਨ੍ਹਾਂ ਸੈਕਟਰਾਂ ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮ ਸਿੰਘ ਧਨੋਆ, ਕੌਂਸਲਰ ਹਰਜੀਤ ਸਿੰਘ ਭੋਲੂ, ਹਰਦਿਆਲ ਚੰਦ ਬਡਬਰ, ਕਾਮਰੇਡ ਮੇਜਰ ਸਿੰਘ, ਨਵਜੋਤ ਸਿੰਘ ਬਾਛਲ, ਜਰਨੈਲ ਸਿੰਘ, ਭਗਵੰਤ ਸਿੰਘ ਗਿੱਲ ਅਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਗਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਗਮਾਡਾ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ।
ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰੋਂ ਨਾਅਰਿਆਂ ਦੀ ਗੂੰਜ ਵਿੱਚ ਰੋਸ ਮਾਰਚ ਸ਼ੁਰੂ ਹੋਇਆ। ਸੈਕਟਰ ਵਾਸੀ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਫੇਜ਼-7 ਲਾਲ ਬੱਤੀ ਚੌਂਕ ਤੋਂ ਗੁਰਦੁਆਰਾ ਅੰਬ ਸਾਹਿਬ ਦੇ ਅੱਗਿਓਂ ਲੰਘ ਕੇ ਗਮਾਡਾ ਦਫ਼ਤਰ ਦੇ ਮੁੱਖ ਗੇਟ ’ਤੇ ਪਹੁੰਚੇ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ‘ਨੋਟਿਸ ਵਾਪਸ ਲਓ, ਵਾਧੂ ਪਾਈ ਇਨਹਾਂਸਮੈਂਟ ਵਾਪਸ ਲਓ ਦੇ ਨਾਅਰੇ ਵੀ ਲਾਏ ਅਤੇ ਮੰਗ ਕੀਤੀ ਕਿ ਰਾਹਤ ਦੇਣ ਵਾਲੀ ਫਾਈਲ ਨੂੰ ਫੌਰੀ ਕਲੀਅਰ ਕੀਤਾ ਜਾਵੇ। ਗਮਾਡਾ ਵੱਲੋਂ ਸੁਪਰਡੈਂਟ ਇੰਜੀਨੀਅਰ ਗੁਰਜੀਤ ਸਿੰਘ ਨੇ ਮੰਗ ਪੱਤਰ ਲਿਆ ਅਤੇ ਇਨਹਾਂਸਮੈਂਟ ਸਬੰਧੀ ਚਲ ਰਹੀ ਪ੍ਰਕਿਰਿਆ ਬਾਰੇ ਛੇਤੀ ਫ਼ੈਸਲਾ ਲੈਣ ਦਾ ਭਰੋਸਾ ਦਿੱਤਾ। ਇਸ ਮਗਰੋਂ ਸੈਕਟਰ ਵਾਸੀਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਚਿਤਾਵਨੀ ਦਿੱਤੀ ਜੇਕਰ ਗਮਾਡਾ ਆਪਣੇ ਵਾਅਦੇ ਤੋਂ ਮੁਨਕਰ ਹੋਇਆ ਤਾਂ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਚਰਨਜੀਤ ਕੌਰ, ਸੁਰਿੰਦਰ ਸਿੰਘ ਕੰਗ, ਦਿਆਲ ਚੰਦ, ਐਮਪੀ ਸਿੰਘ, ਕ੍ਰਿਸ਼ਨਾ ਮਿੱਤੂ, ਸੇਠੀ ਰਾਮ, ਗੁਰਜੀਤ ਸਿੰਘ ਗਿੱਲ, ਜਗਜੀਤ ਸਿੰਘ, ਅਨੋਖ ਸਿੰਘ, ਇੰਦਰਜੀਤ ਸਿੰਘ, ਐਡਵੋਕੇਟ ਐਸਪੀ ਸਿੰਘ ਚਾਹਲ, ਬਲਵੰਤ ਰਾਏ, ਐਡਵੋਕੇਟ ਆਰਐਸ ਬੱਲ, ਗੁਰਦੇਵ ਸਿੰਘ, ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਅਧਿਕਾਰੀ ਇਨਹਾਂਸਮੈਂਟ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਕੇ ਤੁਰੰਤ ਮਸਲੇ ਦਾ ਹੱਲ ਕਰਨ ਅਤੇ ਬੇਲੋੜੀ ਦੇਰੀ ਤੋਂ ਨਿਜਾਤ ਦਿਵਾਈ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ 20 ਜੂਨ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸੈਕਟਰ ਵਾਸੀਆਂ ਨੇ ਦੱਸਿਆ ਕਿ 15 ਅਕਤੂਬਰ 2024 ਨੂੰ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਵਿੱਚ ਗਮਾਡਾ ਨੇ 820 ਰੁਪਏ ਘਟਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਸਬੰਧੀ 8 ਜਨਵਰੀ 2025 ਨੂੰ ਗਮਾਡਾ ਨੇ ਕੇਸ ਤਿਆਰ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਸੀ ਪ੍ਰੰਤੂ ਹੁਣ ਤੱਕ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…