ਮੁਹਾਲੀ ਵਿੱਚ ਪ੍ਰਾਈਵੇਟ ਹਾਊਸਿੰਗ ਕਲੋਨੀਆਂ ਦੇ ਵਸਨੀਕਾਂ ਨੇ ਨਹੀਂ ਬਣੀਆਂ ਵੋਟਾਂ

ਨਵੀਂ ਵੋਟਾਂ ਬਣਾਉਣ ਲਈ ਅੰਤਿਮ ਤਰੀਕ ਅੱਜ, ਸੈਂਕੜੇ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿਣ ਦਾ ਖਦਸ਼ਾ

ਚੋਣ ਅਬਰਜ਼ਰਵਰ ਸੰਜੇ ਰੋਏ ਅੱਜ ਸਵੇਰੇ 10 ਵਜੇ ਡੀਸੀ ਦਫ਼ਤਰ ਵਿੱਚ ਕਰਨਗੇ ਸਵੀਪ ਪ੍ਰੋਗਰਾਮ ਦੇ ਕੰਮ ਦੀ ਸਮੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਮੁਹਾਲੀ ਵਿੱਚ ਪ੍ਰਾਈਵੇਟ ਹਾਊਸਿੰਗ ਕਲੋਨੀਆਂ ਦੇ ਸੈਂਕੜੇ ਵਸਨੀਕਾਂ ਦੀਆਂ ਵੋਟਾਂ ਨਾ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸੈਂਕੜੇ ਪਰਿਵਾਰਾਂ ਨੇ ਨਵੇਂ ਮੈਗਾ ਹਾਊਸਿੰਗ ਪ੍ਰਾਜੈਕਟਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਹੁਣ ਤੱਕ ਕਿਸੇ ਨੇ ਉਨ੍ਹਾਂ ਦੀਆਂ ਵੋਟਾਂ ਨਹੀਂ ਬਣਾਈਆਂ ਹਨ। ਜਿਸ ਕਾਰਨ ਸੈਂਕੜੇ ਪਰਿਵਾਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿਣ ਦਾ ਖਦਸ਼ਾ ਹੈ। ਉਧਰ, ਆਉਣ ਵਾਲੀ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਸੀਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ (ਸਵੀਪ) ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਉੱਘੀਆਂ ਹਸ਼ਤੀਆਂ ਬਿੰਨੂ ਢਿੱਲੋਂ ਅਤੇ ਆਰ.ਜੇ ਗੋਲਮਾਲ ਗਗਨ (ਗਗਨ ਭਾਟੀਆ) ਨੂੰ ਯੂਥ ਆਈਕੋਨ ਬਣਾਇਆ ਗਿਆ ਹੈ।
ਅੱਜ ਇੱਥੇ ਯੂਨੀਟੈਕ ਮੈਗਾ ਹਾਊਸਿੰਗ ਸੁਸਾਇਟੀ ਦੇ ਵਸਨੀਕ ਕਿਰਪਾਲ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਅਜੇ ਤਾਈਂ ਉਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਹਨ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਇਨ੍ਹਾਂ ਕਲੋਨੀਆਂ ਵਿੱਚ ਵੋਟ ਬਣਾਉਣ ਲਈ ਲੋਕਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤ ਕਲੋਨੀ, ਪਰਲ ਹਾਊਸਿੰਗ ਕੰਪਲੈਕਸ, ਐਮਜੀਐਫ਼ ਅਤੇ ਹੋਰ ਕਈ ਨਵੇਂ ਸੈਕਟਰਾਂ ਵਿੱਚ ਰਹਿੰਦੇ ਵਿਅਕਤੀਆਂ ਦੀਆਂ ਵੋਟਾਂ ਨਹੀਂ ਬਣੀਆਂ ਹਨ। ਸੂਤਰ ਦੱਸਦੇ ਹਨ ਕਿ ਇਨ੍ਹਾਂ ਕਲੋਨੀਆਂ ਵਿੱਚ ਵੋਟ ਬਣਾਉਣ ਲਈ ਬੂਥ ਲੈਵਲ ਬੀਐਲਓ ਵੀ ਨਿਯੁਕਤ ਨਹੀਂ ਕੀਤੇ ਗਏ ਹਨ। ਇਹੀ ਨਹੀਂ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਅਤੇ ਆਗੂਆਂ ਵੱਲੋਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਹੈ। ਲੋਕਾਂ ਨੇ ਦੱਸਿਆ ਕਿ ਭਲਕੇ 9 ਜਨਵਰੀ ਨਵੀਆਂ ਵੋਟਾਂ ਬਣਾਉਣ ਲਈ ਅਪਲਾਈ ਕਰਨ ਦਾ ਆਖਰੀ ਦਿਨ ਹੈ। ਲੇਕਿਨ ਉਨ੍ਹਾਂ ਨੂੰ ਵੋਟ ਬਣਾਉਣ ਲਈ ਮੁੱਢਲੀ ਜਾਣਕਾਰੀ ਵੀ ਨਹੀਂ ਹੈ।
ਉਧਰ, ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਸਵੀਪ ਪ੍ਰੋਗਰਾਮ ਦੇ ਚੋਣ ਅਬਰਜ਼ਰਵਰ ਸੰਜੇ ਰੋਏ (ਜੰਮੂ-ਕਸ਼ਮੀਰ ਦੇ ਅਧਿਕਾਰੀ) ਐਤਵਾਰ ਦੇਰ ਰਾਤ ਸਵਾ 9 ਵਜੇ ਮੁਹਾਲੀ ਰੇਲਵੇ ਸਟੇਸ਼ਨ ’ਤੇ ਪੁੱਜੇ। ਜਿਥੇ ਨਾਇਬ ਤਹਿਸੀਲਦਾਰ ਪਰਮਜੀਤ ਸਿੰਘ, ਡੀਪੀਆਰਓ ਸੁਰਜੀਤ ਸਿੰਘ ਸੈਣੀ ਅਤੇ ਗਮਾਡਾ ਦੇ ਏਪੀਆਓ ਪੰਕਜ ਸ਼ੁਕਲਾ ਨੇ ਸਵਾਗਤ ਕੀਤਾ। ਦੱਸਿਆ ਗਿਆ ਹੈ ਕਿ ਸ੍ਰੀ ਸੰਜੇ ਰੋਏ ਭਲਕੇ ਸੋਮਵਾਰ ਨੂੰ ਸਵੀਪ ਪ੍ਰੋਗਰਾਮ ਦੇ ਕੰਮ ਦੀ ਸਮੀਖਿਆ ਕਰਨਗੇ ਅਤੇ ਸਵੇਰੇ 10 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨ-ਕਮ-ਜ਼ਿਲ੍ਹਾ ਚੋਣ ਅਫ਼ਸਰ ਦਲਜੀਤ ਸਿੰਘ ਮਾਂਗਟ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਚੋਣ ਅਮਲੇ ਨਾਲ ਮੀਟਿੰਗ ਕਰਨਗੇ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…