ਫਿਰੌਤੀ ਮਾਮਲਾ: ਮੁਹਾਲੀ ਪੁਲੀਸ ਵੱਲੋਂ ਭਾਨਾ ਸਿੱਧੂ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 29 ਜਨਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਰਹਿਣ ਵਾਲੇ ਨੌਜਵਾਨ ਭਾਨਾ ਸਿੱਧੂ ਨੂੰ ਅੱਜ ਫਿਰੌਤੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ। ਜਿਸ ਨੂੰ ਮੁਹਾਲੀ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਭਾਨਾ ਸਿੱਧੂ ਤੋਂ ਸੀਆਈਏ ਸਟਾਫ਼ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਨਾ ਸਿੱਧੂ ’ਤੇ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਇਹ ਚੌਥਾ ਪਰਚਾ ਦਰਜ ਹੋਇਆ ਹੈ। ਪੁਲੀਸ ਨੇ ਇਹ ਕਾਰਵਾਈ ਇੱਕ ਟਰੈਵਲ ਏਜੰਟ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਭਾਨਾ ਸਿੱਧੂ ਨੇ ਫਿਰੌਤੀ ਮੰਗਣ ਦਾ ਕਥਿਤ ਦੋਸ਼ ਹੈ।
ਇਸ ਤੋਂ ਪਹਿਲਾਂ ਉਕਤ ਨੌਜਵਾਨ ਦੇ ਖ਼ਿਲਾਫ਼ ਲੁਧਿਆਣਾ ਵਿੱਚ ਵੀ ਇੱਕ ਏਜੰਟ ਕੋਲੋਂ ਫਿਰੌਤੀ ਮੰਗਣ ਦਾ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ ਅਤੇ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ ਲੇਕਿਨ ਬਾਅਦ ਵਿੱਚ ਅਦਾਲਤ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ। ਉਹ ਹਾਲੇ ਜੇਲ੍ਹ ’ਚੋਂ ਬਾਹਰ ਆਇਆ ਹੀ ਸੀ ਕਿ ਇਸ ਦੌਰਾਨ ਪਟਿਆਲਾ ਪੁਲੀਸ ਨੇ ਸਨੈਚਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਇੰਜ ਹੀ ਇੱਕ ਪਰਚਾ ਅਬੋਹਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਹੁਣ ਇੱਕ ਹੋਰ ਪੰਜਵਾਂ ਕੇਸ ਜ਼ੀਰਕਪੁਰ ਥਾਣੇ ਵਿੱਚ ਦਰਜ ਕਰਨ ਦੀ ਤਿਆਰੀ ਵਿੱਚ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਨਾ ਸਿੱਧੂ ਨੂੰ ਅੱਜ ਸਨੈਚਿੰਗ ਮਾਮਲੇ ਵਿੱਚ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਉਸ ਨੂੰ ਪ੍ਰੋਡਕਸ਼ਨ ਵਰੰਟ ’ਤੇ ਹਿਰਾਸਤ ਵਿੱਚ ਲੈ ਕੇ ਮੁਹਾਲੀ ਲਿਆਂਦਾ ਗਿਆ। ਇੱਥੇ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਜਾਂਚ ਅਧਿਕਾਰੀ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਕਿਹਾ ਕਿ ਭਾਨਾ ਸਿੱਧੂ ਤੋਂ ਫਿਰੌਤੀ ਮਾਮਲੇ ਵਿੱਚ ਪੁੱਛਗਿੱਛ ਕਰਨੀ ਹੈ। ਪੁਲੀਸ ਨੇ ਇਹ ਵੀ ਦਲੀਲ ਦਿੱਤੀ ਕਿ ਮੁਲਜ਼ਮ ਤੋਂ ਇਹ ਵੀ ਪਤਾ ਲਗਾਉਣਾ ਹੈ ਕਿ ਇਸ ਸਾਜ਼ਿਸ਼ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ। ਉਧਰ, ਵੱਖ-ਵੱਖ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਨੂੰ ਗਲਤ ਕਾਰਵਾਈ ਦੱਸਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…