nabaz-e-punjab.com

ਮੁਹਾਲੀ ਵਿੱਚ ਕਰਿਆਨੇ ਦੀਆਂ ਦੁਕਾਨਾਂ ’ਤੇ ਛਾਪੇਮਾਰੀ, 29 ਥਾਵਾਂ ’ਤੇ ਕੀਤੇ ਚਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਸਿਹਤ ਵਿਭਾਗ ਅਤੇ ਨਾਪਤੋਲ ਵਿਭਾਗ ਦੀ ਸਾਂਝੀ ਟੀਮ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਦੁਕਾਨਾਂ ਦੀ ਅਚਨਚੇਤ ਜਾਂਚ-ਪੜਤਾਲ ਕੀਤੀ ਅਤੇ ਤੰਬਾਕੂ ਦੇ 24 ਤੇ ਨਾਪਤੋਲ ਖ਼ਾਮੀਆਂ ਤਹਿਤ ਪੰਜ ਚਾਲਾਨ ਕੀਤੇ। ਮੌਕੇ ’ਤੇ ਹੀ 4400 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰ ਕੇ ਤੰਬਾਕੂ ਪਦਾਰਥ ਵੇਚੇ ਜਾਣ ਦੇ ਦੋਸ਼ ਹੇਠ 24 ਚਲਾਨ ਕੀਤੇ ਜਿਨ੍ਹਾਂ ਦਾ ਮੌਕੇ ’ਤੇ ਹੀ 4400 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਨਾਪਤੋਲ ਵਿਭਾਗ ਦੀ ਟੀਮ ਨੇ ਵੀ ਪੰਜ ਚਾਲਾਨ ਕੀਤੇ ਜਿਨ੍ਹਾਂ ਦਾ ਜੁਰਮਾਨਾ ਜਾਂਚ-ਪੜਤਾਲ ਮਗਰੋਂ ਬਾਅਦ ਵਿਚ ਤੈਅ ਕੀਤਾ ਜਾਵੇਗਾ ਜੋ ਘੱਟੋ ਘੱਟ 25 ਹਜ਼ਾਰ ਰੁਪਏ (ਪ੍ਰਤੀ ਚਲਾਨ ਪੰਜ ਹਜ਼ਾਰ ਰੁਪਏ) ਹੋਵੇਗਾ।
ਡਾ. ਭਾਰਦਵਾਜ ਨੇ ਦਸਿਆ ਕਿ ਚੈਕਿੰਗ ਦੌਰਾਨ ਪੁਲਿਸ ਵਿਭਾਗ ਦਾ ਵੀ ਸਹਿਯੋਗ ਲਿਆ ਗਿਆ। ਦੋਹਾਂ ਟੀਮਾਂ ਨੇ ਸਭ ਤੋਂ ਪਹਿਲਾਂ ਮੋਹਾਲੀ ਦੇ ਫ਼ੇਜ਼ 7 ਇੰਡਸਟਰੀਅਲ ਏਰੀਆ (ਸਾਹਮਣੇ ਈਐਸਆਈ ਹਸਪਤਾਲ) ਦੀਆਂ ਕਰਿਆਨੇ ਦੀਆਂ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ ਜਿਥੇ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਕੇ ਸਿਗਰਟ ਆਦਿ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਕੁਝ ਦੁਕਾਨਾਂ ’ਤੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ ਜਦਕਿ ਕੁਝ ਦੁਕਾਨਾਂ ’ਤੇ ਪਾਬੰਦੀਸ਼ੁਦਾ ਖ਼ੁਸ਼ਬੂਦਾਰ ਜ਼ਰਦਾ, ਪਾਨ ਮਸਾਲਾ, ਖੈਨੀ ਆਦਿ ਵੇਚਿਆ ਜਾ ਰਿਹਾ ਸੀ।
ਕੁਝ ਦੁਕਾਨਾਂ ਕੋਲ ਯੋਗ ਵਿਕਰੀ ਲਾਇਸੰਸ ਵੀ ਨਹੀਂ ਸਨ। ਟੀਮ ਨੇ ਫ਼ੇਜ਼ ਪੰਜ ਦੀ ਮਾਰਕੀਟ ਵਿਚ ਕਰਿਆਨੇ ਦੀਆਂ ਦੁਕਾਨਾਂ ਦੀ ਵੀ ਅਚਨਚੇਤ ਜਾਂਚ ਕੀਤੀ ਜਿਥੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਮਿਲੀਆਂ। ਨਾਪਤੋਲ ਵਿਭਾਗ ਦੀ ਟੀਮ ਨੇ ਦੁਕਾਨਾਂ ਵਿਚ ਸਮਾਨ ਦੀ ਵਿਕਰੀ ਸਬੰਧੀ ਖ਼ਾਮੀਆਂ ਮਿਲਣ ’ਤੇ ਚਲਾਨ ਕੀਤੇ। ਨਾਪਤੋਲ ਵਿਭਾਗ ਦੀ ਟੀਮ ਨੇ ਪਾਬੰਦੀਸ਼ੁਦਾ ਸਮਾਨ ਨੂੰ ਤੁਰੰਤ ਕਬਜ਼ੇ ਵਿਚ ਲੈ ਲਿਆ ਅਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ। ਦੁਕਾਨਦਾਰਾਂ ਨੇ ਟੀਮਾਂ ਸਾਹਮਣੇ ਕਰੀਬ ਦੋ ਹਜ਼ਾਰ ਰੁਪਏ ਦੀਆਂ ਪਾਬੰਦੀਸ਼ੁਦਾ ਸਿਗਰਟਾਂ ਅਤੇ ਹੋਰ ਤੰਬਾਕੂ ਪਦਾਰਥ ਨਸ਼ਟ ਕੀਤੇ।
ਡਾ. ਭਾਰਦਵਾਜ ਨੇ ਦਸਿਆ ਕਿ ਇਹ ਛਾਪੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਰੋਕਥਾਮ ਕਾਨੂੰਨ ਯਾਨੀ ਕੋਟਪਾ ਅਧੀਨ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਹਲੂਣਾ ਦੇਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾਣ।
ਜ਼ਿਲ੍ਹਾ ਸਲਾਹਕਾਰ (ਤੰਬਾਕੂ ਸੈੱਲ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕੋਟਪਾ ਕਾਨੂੰਨ ਤਹਿਤ ਹਰ ਦੁਕਾਨਦਾਰ ਕੋਲ ਤੰਬਾਕੂ ਪਦਾਰਥ ਵੇਚਣ ਲਈ ਲਾਇਸੈਂਸ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਛਾਪੇ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਤੰਬਾਕੂ ਪਦਾਰਥ ਵੇਚਣਾ ਕੋਈ ਅਪਰਾਧ ਨਹੀਂ ਪਰ ਇਹ ਚੀਜ਼ਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਵੇਚੀਆਂ ਜਾਣ। ਤਸਕਰੀ ਰਾਹੀਂ ਵਿਦੇਸ਼ ’ਚੋਂ ਲਿਆਂਦੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਵੇਚੇ ਜਾਣ ਵਾਲੇ ਤੰਬਾਕੂ ਪਦਾਰਥਾਂ ਦਾ ਕਵਰ 85 ਫ਼ੀਸਦੀ ਚਿਤਾਵਨੀ ਚਿੰਨ੍ਹਾਂ ਨਾਲ ਢੱਕਿਆ ਹੋਣਾ ਚਾਹੀਦਾ ਹੈ। ਪੜਤਾਲੀਆ ਟੀਮ ਵਿੱਚ ਨਾਪਤੋਲ ਵਿਭਾਗ ਦੇ ਇੰਸਪੈਕਟਰ ਰਾਜੇਸ਼ ਕੁਮਾਰ, ਰਜਨੀਸ਼ ਕੁਮਾਰ, ਫ਼ੂਡ ਇੰਸਪੈਟਕਰ ਅਨਿਲ ਕੁਮਾਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਆਦਿ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…