nabaz-e-punjab.com

ਪੰਜਾਬੀਆਂ ਦਾ ਪੰਜਾਬੀ ਵਿੱਚ ਹੱਥ ਤੰਗ, ਪੰਜਾਬੀ ਵਿਸ਼ੇ ’ਚ 2913 ਵਿਦਿਆਰਥੀ ਫੇਲ੍ਹ

10 ਹਜ਼ਾਰ 274 ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ’ਚ ਫੇਲ੍ਹ

ਨਬਜ਼-ਏ-ਪੰਜਾਬ, ਮੁਹਾਲੀ, 15 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੱੁਧਵਾਰ ਨੂੰ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੂੰ ਡੂੰਘਾਈ ਨਾਲ ਘੋਖ ਕੇ ਦੇਖੀਏ ਤਾਂ ਪਤਾ ਚਲਦਾ ਹੈ ਕਿ ਜਿੱਥੇ ਅੰਗਰੇਜ਼ੀ ਵਿਸ਼ੇ ਵਿੱਚ ਹਜ਼ਾਰਾਂ ਵਿਦਿਆਰਥੀ ਫਾਡੀ ਹਨ, ਉੱਥੇ ਪੰਜਾਬੀਆਂ ਦਾ ਪੰਜਾਬੀ ਵਿੱਚ ਵੀ ਹੱਥ ਕਾਫ਼ੀ ਤੰਗ ਹੈ। ਹਾਲਾਂਕਿ ਪੰਜਾਬ ਦੀ ‘ਆਪ’ ਸਰਕਾਰ ਪੰਜਾਬੀ ਮਾਂ ਬੋਲੀ ਦਾ ਮਿਆਰ ਕਾਫ਼ੀ ਉੱਚਾ ਚੁੱਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਬਾਰ੍ਹਵੀਂ ਵਿੱਚ ਪੰਜਾਬੀ ਵਿਸ਼ੇ ਵਿੱਚ 2913 ਵਿਦਿਆਰਥੀ ਫੇਲ੍ਹ ਹਨ। ਇੰਜ ਹੀ 10 ਹਜ਼ਾਰ 217 ਵਿਦਿਆਰਥੀ ਅੰਗਰੇਜ਼ੀ ’ਚੋਂ ਫੇਲ੍ਹ ਹਨ। ਮਾਂ-ਬੋਲੀ ਪੰਜਾਬੀ ਵਿੱਚ ਫੇਲ੍ਹ ਹੋਣਾ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਵਾਰ 2913 ਵਿਦਿਆਰਥੀ ਜਨਰਲ ਪੰਜਾਬੀ ਵਿਸ਼ੇ ਵਿੱਚ ਫੇਲ੍ਹ ਹੋ ਗਏ। ਇਹੀ ਹਾਲ ਚੋਣਵੀਂ ਪੰਜਾਬੀ ਵਿਸ਼ੇ ਦਾ ਹੈ। ਜਿਸ ਵਿੱਚ 2 ਹਜ਼ਾਰ 77 ਵਿਦਿਆਰਥੀ ਫੇਲ੍ਹ ਹਨ। ਹਾਲਾਂਕਿ ਇਹ ਫੇਲ੍ਹ ਫੀਸਦ ਬਹੁਤ ਘੱਟ ਹੈ ਪਰ ਮਾਤ-ਭਾਸ਼ਾ ਵਿੱਚ ਫੇਲ੍ਹ ਹੋ ਜਾਣਾ ਮੌਜੂਦਾ ਸਿੱਖਿਆ ਢਾਂਚੇ ’ਤੇ ਵੱਡਾ ਪ੍ਰਸ਼ਨ-ਚਿੰਨ੍ਹ ਹੈ। ਜਾਣਕਾਰੀ ਅਨੁਸਾਰ ਪੰਜਾਬੀ ਜਨਰਲ ਭਾਸ਼ਾ ਲਈ 2 ਲੱਖ 65 ਹਜ਼ਾਰ 9 ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ, ਜਿਨ੍ਹਾਂ ’ਚੋਂ 2 ਲੱਖ 61 ਹਜ਼ਾਰ 186 ਹੀ ਪਾਸ ਹੋ ਸਕੇ। ਉਂਜ ਸਕੂਲ ਆਫ਼ ਐਮੀਨੈਂਸ ਬਨੂੜ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਆਨੀ ਨੇ ਪੰਜਾਬੀ ਵਿਸ਼ੇ ਵਿੱਚ 100 ਫੀਸਦੀ ਲਏ ਹਨ। ਸਕੂਲ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ ਨੇ ਵਿਦਿਆਰਥਣ ਦੀ ਇਸ ਉਪਲਬਧੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਬਨੂੜ ਸਕੂਲ ਦਾ ਪੰਜਾਬੀ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ ਹੈ। ਇੰਜ ਹੀ ਕਈ ਹੋਰਨਾਂ ਸਕੂਲਾਂ ਦਾ ਪੰਜਾਬੀ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਬਾਕੀ ਸਕੂਲਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ।
ਹਾਲਾਂਕਿ ਬਾਕੀ ਭਾਸ਼ਾਵਾਂ ਦਾ ਵੀ ਕਾਫ਼ੀ ਮੰਦਾ ਹਾਲ ਹੈ। ਅੰਗਰੇਜ਼ੀ ਵਿਸ਼ੇ ਵਿੱਚ 10 ਹਜ਼ਾਰ 274 ਵਿਦਿਆਰਥੀ ਫੇਲ੍ਹ ਹਨ। ਅਕਾਦਮਿਕ ਸਾਲ 2024-25 ਦੀ ਪ੍ਰੀਖਿਆ ਵਿੱਚ 17 ਹਜ਼ਾਰ 844 ਵਿਦਿਆਰਥੀਆਂ ਦੀ ਕੰਪਾਰਟਮੈਂਟ ਅਤੇ 5950 ਨੂੰ ਫੇਲ੍ਹ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ 20 ਹਜ਼ਾਰ 2 ਵਿਦਿਆਰਥੀ ਆਰਟਸ ਗਰੁੱਪ ਨਾਲ ਸਬੰਧਤ ਹਨ। ਇਸ ਸਾਲ ਕੁੱਲ 22 ਵਿਸ਼ਿਆਂ ਦੀ ਪ੍ਰੀਖਿਆ ਲਈ ਗਈ ਸੀ। ਇਤਿਹਾਸ ਵਿਸ਼ੇ ਵਿੱਚ 7891 ਵਿਦਿਆਰਥੀ ਫੇਲ੍ਹ/ਕੰਪਾਰਟਮੈਂਟ ਐਲਾਨੇ ਗਏ ਹਨ ਜਦੋਂਕਿ ਗਣਿਤ ਵਿੱਚ 1126 ਅਤੇ ਸਿਹਤ ਤੇ ਸਰੀਰਕ ਸਿੱਖਿਆ ਜਿਸ ਨੂੰ ਵਿਦਿਆਰਥੀ ਕਾਰਗੁਜ਼ਾਰੀ ਵਧਾਉਣ ਲਈ ਲੈਂਦੇ ਹਨ, ਵਿੱਚ ਵੀ 1595 ਵਿਦਿਆਰਥੀ ਫੇਲ੍ਹ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…