ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ

ਮਾਈ ਭਾਗੋ ਇੰਸਟੀਚਿਊਟ ਦੀ ਕੈਡਿਟ ਹਰੂਪ ਕੌਰ ਤੇ ਨਿਵੇਦਿਤਾ ਸੈਣੀ ਹਵਾਈ ਸੈਨਾ ’ਚ ਫਲਾਇੰਗ ਅਫ਼ਸਰ ਵਜੋਂ ਸ਼ਾਮਲ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੋਵੇਂ ਅਫ਼ਸਰਾਂ ਨੂੰ ਹਵਾਈ ਸੈਨਾ ’ਚ ਸੁਨਹਿਰੀ ਭਵਿੱਖ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਨਬਜ਼-ਏ-ਪੰਜਾਬ, ਮੁਹਾਲੀ, 15 ਜੂਨ:
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਨੇ ਇੱਕ ਵਾਰ ਫਿਰ ਸਫਲਤਾ ਦੇ ਝੰਡੇ ਗੱਡੇ ਹਨ। ਇਸ ਵੱਕਾਰੀ ਸੰਸਥਾ ਦੀਆਂ ਦੋ ਮਹਿਲਾ ਕੈਡਿਟ ਹਰੂਪ ਕੌਰ ਅਤੇ ਨਿਵੇਦਿਤਾ ਸੈਣੀ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਅੱਜ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਸ਼ਾਮਲ ਹੋ ਗਈਆਂ ਹਨ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕੀਤਾ।
ਪੰਜਾਬ ਪੁਲੀਸ ਦੇ ਮੁਹਾਲੀ) ਵਿੱਚ ਤਾਇਨਾਤ ਹੌਲਦਾਰ ਭਗਵੰਤ ਸਿੰਘ ਦੀ ਧੀ ਫਲਾਇੰਗ ਅਫ਼ਸਰ ਹਰੂਪ ਕੌਰ ਐਜੂਕੇਸ਼ਨ ਬ੍ਰਾਂਚ ਵਿੱਚ ਸ਼ਾਮਲ ਹੋਵੇਗੀ। ਪਠਾਨਕੋਟ ਦੀ ਰਹਿਣ ਵਾਲੀ ਫਲਾਇੰਗ ਅਫ਼ਸਰ ਨਿਵੇਦਿਤਾ ਸੈਣੀ ਦੇ ਪਿਤਾ ਹਰਿੰਦਰ ਸਿੰਘ ਸੈਣੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡੀਆਈਈਟੀ) ਵਿੱਚ ਪ੍ਰਿੰਸੀਪਲ ਹਨ ਅਤੇ ਨਿਵੇਦਿਤਾ ਹਵਾਈ ਸੈਨਾ ਦੀ ਲਾਜਿਸਟਿਕ ਬ੍ਰਾਂਚ ਵਿਚ ਸ਼ਾਮਲ ਹੋਵੇਗੀ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵੇਂ ਮਹਿਲਾ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫਲਤਾ ਯਕੀਨੀ ਤੌਰ ’ਤੇ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਦੇ ਮੌਕੇ ਤਲਾਸ਼ਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਕਮਿਸ਼ਨਡ ਅਫ਼ਸਰਾਂ ਵਜੋਂ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਸੂਬੇ ਦੀਆਂ ਧੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਨੇ ਜੁਲਾਈ 2023 ਵਿੱਚ ਮਾਈ ਭਾਗੋ ਇੰਸਟੀਚਿਊਟ ਮੁਹਾਲੀ ਵਿਖੇ ਲੜਕੀਆਂ ਲਈ ਐਨਡੀਏ ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਕੀਤੀ ਸੀ। ਇਸ ਸਮੇਂ ਇੱਥੇ ਦੂਜੇ ਬੈਚ ਦੀ ਸਿਖਲਾਈ ਚੱਲ ਰਹੀ ਹੈ।
ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਦੋਵੇਂ ਕੈਡਿਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨਡ ਬਣਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਵੱਲੋਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਸੈਨਾਵਾਂ ਦੀਆਂ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਭੇਜਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਨਵੇਂ ਕਮਿਸ਼ਨਡ ਅਫ਼ਸਰਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…